ਸਰਬਜੀਤ ਸਿੰਘ ਭੱਟੀ
ਲਾਲੜੂ, 8 ਜੂਨ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਲੜੂ ਨੇੜੇ ਪੈਂਦੇ ਪਿੰਡ ਰਾਮਗੜ੍ਹ ਰੁੜਕੀ ਵਿੱਚ 3 ਵਿੱਘੇ 2 ਬਿਸਵੇ ਸ਼ਾਮਲਾਤ ਜ਼ਮੀਨ ਨਾਜਾਇਜ਼ ਕਬਜ਼ੇ ਤੋਂ ਖਾਲੀ ਕਰਵਾਈ ਗਈ। ਇਸ ਮੌਕੇ ਡੀਸੀ ਅਮਿਤ ਤਲਵਾੜ ਨੇ ਦੱਸਿਆ ਕਿ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਬਲਜਿੰਦਰ ਸਿੰਘ ਗਰੇਵਾਲ ਅਤੇ ਸਥਾਨਕ ਪੁਲੀਸ ਦੀ ਅਗਵਾਈ ਹੇਠ ਪਿਛਲੇ ਲੰਮੇ ਸਮੇਂ ਤੋਂ ਨਾਜਾਇਜ਼ ਕਬਜ਼ੇ ਵਿੱਚ ਕੀਤੀ ਹੋਈ 3 ਵਿੱਘੇ 2 ਬਿਸਵੇ ਸ਼ਾਮਲਾਤ ਜ਼ਮੀਨ ਨੂੰ ਪ੍ਰਸ਼ਾਸਨ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਅਗਲੀ ਕਾਰਵਾਈ ਲਈ ਜ਼ਮੀਨ ਗ੍ਰਾਮ ਪੰਚਾਇਤ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ਦੇ ਨਾਲ ਸਰਕਾਰੀ ਹਾਈ ਸਕੂਲ ਦੀ ਕੰਧ ਲੱਗਦੀ ਹੈ, ਜਿੱਥੇ ਬੱਚਿਆਂ ਅਤੇ ਪਿੰਡ ਵਾਲੀਆ ਦੀ ਸਹੂਲਤ ਲਈ ਪੰਚਾਇਤ ਵੱਲੋਂ ਪਾਰਕ ਦੀ ਉਸਾਰੀ ਕਰਵਾਈ ਜਾਵੇਗੀ। ਇਸ ਦੌਰਾਨ ਡੀਸੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਚਾਇਤਾਂ ਜ਼ਮੀਨਾਂ ਤੋਂ ਕਬਜ਼ੇ ਦੂਰ ਕਰਵਾਏ ਜਾ ਰਹੇ ਹਨ ਅਤੇ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ। ਦੱਸਣਯੋਗਹੈ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ 31 ਮਈ ਤੱਕ ਲੋਕਾਂ ਨੂੰ ਪੰਚਾਇਤੀ ਜ਼ਮੀਨ ’ਤੇ ਕੀਤੇ ਨਾਜਾਇਜ਼ ਕਬਜ਼ੇ ਛੱਡਣ ਬਾਰੇ ਚਿਤਾਵਨੀ ਦਿੱਤੀ ਹੋਈ ਹੈ। ਇਸ ਮੌਕੇ ਬੀਡੀਪੀਓ ਡੇਰਾਬੱਸੀ ਰਮੇਸ਼ ਕੁਮਾਰ, ਐੱਸਸੀਪੀਓ ਪਰਦੀਪ ਕੁਮਾਰ, ਪਟਵਾਰੀ ਗੁਰਮੁੱਖ ਸਿੰਘ, ਪੰਚਾਇਤ ਸਕੱਤਰ ਗੁਰਵਿੰਦਰ ਸਿੰਘ, ਮੰਗਤ ਸਿੰਘ, ਵਿਕਰਾਂਤ ਸਿੰਘ, ਕਾਨੂੰਨਗੋ ਚਤਰਪਾਲ ਸਿੰਘ, ਪਟਵਾਰੀ ਸ਼ਾਮ ਸਿੰਘ ਤੇ ਸਰਪੰਚ, ਪੰਚ ਤੇ ਪਿੰਡ ਦੇ ਲੋਕ ਮੌਜੂਦ ਸਨ।
ਮੁੱਲਾਂਪੁਰ ਗਰੀਬਦਾਸ ਦੀ ਸ਼ਾਮਲਾਤ ਜ਼ਮੀਨ ਕਬਜ਼ਾ ਮੁਕਤ ਕਰਵਾਉਣ ਦੀ ਕਾਰਵਾਈ ਰੱਦ ਹੋਈ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨ ਬਚਾਓ ਮੁਹਿੰਮ ਤਹਿਤ ਪਿੰਡ ਮੁੱਲਾਂਪੁਰ ਗਰੀਬਦਾਸ ’ਚ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਕਾਰਵਾਈ ਕੀਤੀ ਜਾਣੀ ਸੀ। ਇਸ ਸਬੰਧੀ ਹਲਕਾ ਖਰੜ ਦੀ ਵਿਧਾਇਕਾ ਬੀਬੀ ਅਨਮੋਲ ਗਗਨ ਮਾਨ ਅਤੇ ਡੀਪੀਆਰਓ ਜ਼ਿਲ੍ਹਾ ਮੁਹਾਲੀ ਦੇ ਦਫ਼ਤਰ ਤੋਂ ਇਲਾਕੇ ਨਾਲ ਸਬੰਧਤ ਕਈ ਪੱਤਰਕਾਰਾਂ ਨੂੰ ਇਸ ਸਬੰਧੀ ਕਵਰੇਜ਼ ਕਰਨ ਲਈ ਬਾਅਦ ਦੁਪਹਿਰ ਫੋਨ ਰਾਹੀਂ ਮੈਸੇਜ ਭੇਜੇ ਗਏ ਸਨ। ਇਸ ਸਬੰਧੀ ਬਲਾਕ ਵਿਕਾਸ ਪੰਚਾਇਤੀ ਵਿਭਾਗ ਸਮੇਤ ਪੁਲੀਸ ਵੱਲੋਂ ਕੋਈ ਮਾੜੀ ਘਟਨਾ ਹੋਣ ਤੋਂ ਬਚਾਉਣ ਲਈ ਸਖ਼ਤ ਇੰਤਜ਼ਾਮ ਵੀ ਕੀਤੇ ਗਏ ਸਨ। ਕਰੀਬ ਦੋ ਘੰਟੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਫ਼ਸਰ, ਪੱਤਰਕਾਰ, ਗਰਾਮ ਪੰਚਾਇਤ ਮੁੱਲਾਂਪੁਰ ਗਰੀਬਦਾਸ ਦੇ ਸਰਪੰਚ ਜਸਵੰਤ ਸਿੰਘ, ਸੰਜੇ ਪੰਚ ਸਮੇਤ ਹੋਰ ਪੰਚ ਤੇ ਪਿੰਡ ਦੇ ਨੁਮਾਇੰਦੇ, ਪੰਚਾਇਤ ਮੰਤਰੀ ਦੇ ਆਉਣ ਦੀ ਉਡੀਕ ਕਰਦੇ ਰਹੇ। ਆਖ਼ਰ ਵਿੱਚ ਹਲਕਾ ਵਿਧਾਇਕ ਅਤੇ ਡੀਪੀਆਰਓ ਦਫ਼ਤਰ ਤੋਂ ਫੋਨ ਰਾਹੀਂ ਸੁਨੇਹਾ ਆਇਆ ਕਿ ਅੱਜ ਪੰਚਾਇਤ ਮੰਤਰੀ ਨੂੰ ਅਚਾਨਕ ਕੋਈ ਹੋਰ ਜ਼ਰੂਰੀ ਰੁਝੇਵਾਂ ਹੋ ਗਿਆ ਹੈ, ਜਿਸ ਕਰਕੇ ਮੁੱਲਾਂਪੁਰ ਗਰੀਬਦਾਸ ਦਾ ਦੌਰਾ ਰੱਦ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਹਸਬ ਰਸਦ ਜ਼ਰਖੇਵਟ ਮਕਬੂਜਾ ਮਾਲਕਾਨ ਜਿਮੀਂਦਾਰਾਂ ਸਾਬਕਾ ਸਰਪੰਚ ਨਾਇਬ ਸਿੰਘ ਧਾਲੀਵਾਲ, ਸੁਸ਼ੀਲ ਕੁਮਾਰ ਲੁਟਾਵਾ, ਨਵਦੀਪ ਸਿੰਘ, ਬਲਵੀਰ ਸਿੰਘ ਪੂਨੀਆ, ਸ਼ੇਰ ਸਿੰਘ ਮੱਲ, ਸਵਰਨ ਸਿੰਘ ਬਾਠ, ਮਹਿੰਦਰ ਸਿੰਘ ਚਾਹਲ ਨੰਬਰਦਾਰ ਆਦਿ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਮੁੱਲਾਂਪੁਰ ਗਰੀਬਦਾਸ ਦੀ ਜ਼ਮੀਨ ਦਾ ਮਾਮਲਾ ਅਜੇ ਅਦਾਲਤ ਦੇ ਵਿਚਾਰ ਅਧੀਨ ਹੈ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਅਦਾਲਤ ਦਾ ਕੋਈ ਫ਼ੈਸਲਾ ਨਹੀਂ ਆਉਂਦਾ, ਉਦੋਂ ਤੱਕ ਕੋਈ ਕਾਰਵਾਈ ਨਾ ਕੀਤੀ ਜਾਵੇ।