ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਮਈ
ਉੱਤਰੀ ਭਾਰਤ ਵਿੱਚ ਪਿਛਲੇ ਦੋ ਮਹੀਨੇ ਤੋਂ ਲਗਾਤਾਰ ਪੈ ਰਹੀ ਅੱਤ ਦੀ ਗਰਮੀ ਤੋਂ ਬਾਅਦ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਾਸੀਆਂ ਨੂੰ ਨਾਲ ਲਗਦੇ ਪਹਾੜੀ ਇਲਾਕੇ ਵਿੱਚ ਤੇਜ਼ੀ ਮੀਂਹ ਅਤੇ ਗੜੇਮਾਰੀ ਕਰਕੇ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਚੰਡੀਗੜ੍ਹ ਟ੍ਰਾਈਸਿਟੀ ਦੇ ਨਾਲ ਲੱਗਦੇ ਪਹਾੜੀ ਇਲਾਕੇ ਵਿੱਚ ਸਵੇਰ ਤੋਂ ਪੈ ਰਹੇ ਰੁਕ-ਰੁਕ ਕੇ ਮੀਂਹ ਕਰਕੇ ਤਾਪਮਾਨ ਹੋਰ ਦਿਨਾਂ ਨਾਲੋਂ ਹੇਠਾਂ ਡਿੱਗ ਗਿਆ ਹੈ। ਮੌਸਮ ਵਿੱਚ ਆਈ ਤਬਦੀਲੀ ਅਤੇ ਦਿਨ ਭਰ ਚੱਲ ਰਹੀ ਤੇਜ਼ ਹਵਾਵਾਂ ਦਾ ਲੋਕ ਵੀ ਆਨੰਦ ਮਾਨਦੇ ਦਿਖਾਈ ਦਿੱਤੇ। ਮੌਸਮ ਵਿਭਾਗ ਨੇ ਬੁੱਧਵਾਰ ਨੂੰ ਟ੍ਰਾਈਸਿਟੀ ਦੇ ਕੁਝ ਇਲਾਕਿਆਂ ਵਿੱਚ ਤੇਜ਼ ਹਨੇਰੀ ਅਤੇ ਮੀਂਹ ਦੇ ਛਰਾਟੇ ਪੈਣ ਦੀ ਪੇਸ਼ੀਨਗੋਈ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਜਧਾਨੀ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 36.7 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ ਘੱਟ ਸੀ। ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਪੈ ਰਹੀ ਅੱਤ ਦੀ ਗਰਮੀ ਨੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮੁਹਾਲੀ ਵਿੱਚ ਦਿਨ ਦਾ ਤਾਪਮਾਨ 36.1 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ ਡੇਢ ਡਿਗਰੀ ਸੈਲਸੀਅਸ ਘੱਟ ਹੈ। ਇਸ ਤੋਂ ਇਲਾਵਾ ਪੰਚਕੂਲਾ ਵਿੱਚ ਤਾਪਮਾਨ 36 ਡਿਗਰੀ ਸੈਲਸੀਅਸ ਦਰਜ ਕੀਤਾ ਹੈ ਜੋ ਕਿ ਆਮ ਦੇ ਬਰਾਬਰ ਹੈ। ਮੌਸਮ ਵਿਭਾਗ ਵੱਲੋਂ 4 ਮਈ ਦਿਨ ਬੁੱਧਵਾਰ ਨੂੰ ਟ੍ਰਾਈਸਿਟੀ ਵਿੱਚ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਕੁਝ ਥਾਵਾਂ ’ਤੇ ਕਿਣ-ਮਿਣ ਦੀ ਸੰਭਾਵਣਾ ਜਤਾਈ ਹੈ।
ਮੰਗਲਵਾਰ ਨੂੰ ਈਦ-ਉਲ-ਫੀਤਰ ਦੇ ਮੌਕੇ ਅਚਾਨਕ ਮੌਸਮ ਵਿੱਚ ਆਈ ਤਬਦੀਲੀ ਕਰਕੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲੀ। ਸ਼ਾਮ ਹੁੰਦਿਆ ਹੀ ਸੁਖਨਾ ਝੀਲ, ਰੌਕ ਗਾਰਡਨ, ਰੋਜ਼ ਗਾਰਡਨ, ਬਰਡ ਪਾਰਕ ਸਣੇ ਸ਼ਹਿਰ ਵਿੱਚ ਘੁੰਮਣ ਫਿਰਨ ਵਾਲੀਆਂ ਥਾਵਾਂ ’ਤੇ ਲੋਕਾਂ ਦੀ ਭੀੜ ਲੱਗ ਗਈ। ਇਨ੍ਹਾਂ ਹੀ ਨਹੀਂ ਬਾਅਦ ਦੁਪਹਿਰ ਸ਼ਹਿਰ ਵਿਚਲੇ ਬਾਜ਼ਾਰਾਂ ਵਿੱਚ ਵੀ ਚਹਿਲ-ਪਹਿਲ ਦੇਖਣ ਨੂੰ ਮਿਲੀ ਹੈ। ਜਦੋਂਕਿ ਸਵੇਰ ਤੋਂ ਮੌਸਮ ਗਰਮ ਰਹਿਣ ਕਰਕੇ ਸ਼ਹਿਰ ਵਿਚਲੇ ਸਾਰੇ ਸਵੀਮਿੰਗ ਪੂਲ ’ਤੇ ਨਹਾਉਣ ਲਈ ਨੌਜਵਾਨਾਂ ਦੀ ਭੀੜ ਲੱਗੀ ਰਹੀ। ਨੌਜਵਾਨ ਗਰਮੀ ਦੇ ਮੌਸਮ ਵਿੱਚ ਸਵੀਮਿੰਗ ਪੂਲ ਦਾ ਆਨੰਦ ਮਾਨਦੇ ਰਹੇ।