ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਜੁਲਾਈ
ਕਾਰਮਲ ਕਾਨਵੈਂਟ ਸਕੂਲ ਵਿੱਚ ਵਿਰਾਸਤੀ ਪਿੱਪਲ ਦਾ ਦਰੱਖਤ ਡਿੱਗਣ ਤੋਂ ਬਾਅਦ ਯੂਟੀ ਪ੍ਰਸ਼ਾਸਨ ਵੱਲੋਂ 6 ਟੀਮਾਂ ਰਾਹੀਂ ਵਿਰਾਸਤੀ ਦਰੱਖਤਾਂ ਦੇ ਨਾਲ-ਨਾਲ ਸ਼ਹਿਰ ਵਿਚਲੇ ਸਕੂਲਾਂ ਵਿੱਚ ਸੁੱਕ ਚੁੱਕੇ ਜਾਂ ਆਪਣੀ ਮਿਆਦ ਪੁਰੀ ਕਰ ਚੁੱਕੇ ਦਰੱਖਤਾਂ ਦਾ ਸਰਵੇਖਣ ਸ਼ੁਰੂ ਕੀਤਾ ਗਿਆ ਹੈ। ਇਸ ਟੀਮ ਨੇ ਸ਼ਹਿਰ ਵਿਚਲੇ ਦੋ ਵਿਰਾਸਤੀ ਦਰੱਖਤਾਂ ਨੂੰ ਕੱਟਣ ਅਤੇ ਤਿੰਨ ਨੂੰ ਛਾਂਗਣ ਦੀ ਸਿਫਾਰਸ਼ ਕੀਤੀ ਹੈ। ਜਾਣਕਾਰੀ ਅਨੁਸਾਰ ਪ੍ਰਸ਼ਾਸਨ ਨੇ ਸੈਕਟਰ 19 ਦੇ ਵਾਟਿਕਾ ਸਕੂਲ ਅਤੇ ਸੈਕਟਰ 23 ਦੀ ਸਰਕਾਰੀ ਨਰਸਰੀ ’ਚ ਸਥਿਤ ਦਰੱਖਤ ਨੂੰ ਕੱਟਣ ਦੇ ਆਦੇਸ਼ ਦਿੱਤੇ ਹਨ ਜਦਕਿ ਸੁਖਨਾ ਝੀਲ ਸਣੇ ਵੱਖ-ਵੱਖ ਥਾਵਾਂ ’ਤੇ ਸਥਿਤ ਤਿੰਨ ਦਰੱਖਤਾਂ ਨੂੰ ਛਾਂਗਿਆ ਜਾਵੇਗਾ। ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਸਲਾਹਕਾਰ ਧਰਮਪਾਲ ਨੇ ਯੂਟੀ ਦੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਟੀਮਾਂ ਸ਼ਹਿਰ ਵਿਚਲੇ 211 ਸਕੂਲਾਂ ਵਿੱਚ ਲੱਗੇ ਦਰੱਖਤਾਂ ਦਾ ਸਰਵੇਖਣ ਕਰ ਰਹੀਆਂ ਹਨ, ਜਿਨ੍ਹਾਂ ਨੇ ਦੋ ਦਿਨਾਂ ਵਿੱਚ 201 ਸਕੂਲਾਂ ਅਤੇ ਹੋਰਨਾਂ ਵਿਦਿਅਕ ਅਦਾਰਿਆਂ ਦਾ ਸਰਵੇਖਣ ਕੀਤਾ ਹੈ। ਇਹ ਟੀਮ ਭਲਕੇ ਬਾਕੀ ਰਹਿੰਦੇ ਸਕੂਲਾਂ ਦਾ ਸਰਵੇਖਣ ਕਰ ਕੇ ਆਪਣੀ ਫਾਈਨਲ ਰਿਪੋਰਟ ਸੌਂਪੇਗੀ, ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।