ਲਾਲੜੂ: ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਜਾਇਜ਼ਾ ਲਿਆ। ਲਾਲੜੂ ਤੇ ਹੰਡੇਸਰਾ ਸਰਕਲ ਦੇ ਪਿੰਡ ਅੰਟਾਲਾ, ਖੇਲਣ, ਮਾਲਣ, ਰਜਾਪੁਰ, ਹੰਡੇਸਰਾ, ਨਗਲਾ, ਤਸਿੰਬਲੀ, ਸਾਰੰਗਪੁਰ, ਜੋਧਪੁਰ ਅਤੇ ਹਮਾਯੂੰਪੁਰ ਦਾ ਦੌਰਾ ਕਰਦਿਆਂ ਵਿਧਾਇਕ ਰੰਧਾਵਾ ਨੇ ਟੁੱਟੀਆਂ ਸੜਕਾਂ ਅਤੇ ਪਾਣੀ ਕਾਰਨ ਨੁਕਸਾਨੇ ਘਰਾਂ ਦਾ ਨਿਰੀਖਣ ਕੀਤਾ। ਉਨ੍ਹਾਂ ਟਾਂਗਰੀ ਨਦੀ ’ਤੇ ਬਣੇ ਬੰਨ੍ਹ ਦਾ ਵੀ ਮੁਆਇਨਾ ਕੀਤਾ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਲਗਾਏ ਜਾ ਰਹੇ ਰਾਹਤ ਅਤੇ ਮੈਡੀਕਲ ਕੈਂਪਾਂ ਦਾ ਵੀ ਨਿਰੀਖਣ ਕੀਤਾ। ਇਸ ਦੌਰਾਨ ਵਿਧਾਇਕ ਰੰਧਾਵਾ ਨੇ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਵਿਧਾਇਕ ਨੇ ਘੱਗਰ ਪਾਰ ਦੇ ਪਿੰਡ ਰਾਜੋਮਾਜਰਾ, ਹੰਸਾਲਾ ਅਤੇ ਹੁੰਬੜਾ ਦਾ ਦੌਰਾ ਨੁਕਸਾਨ ਦਾ ਜਾਇਜ਼ਾ ਵੀ ਲਿਆ। -ਪੱਤਰ ਪ੍ਰੇਰਕ