ਆਤਿਸ਼ ਗੁਪਤਾ
ਚੰਡੀਗੜ੍ਹ, 10 ਜੁਲਾਈ
ਮੌਸਮ ਵਿਭਾਗ ਵੱਲੋਂ ਉੱਤਰ ਭਾਰਤ ਵਿੱਚ ਮੌਨਸੂਨ ਦੀ ਦਸਤਕ ਦੇਣ ਦੇ ਦਾਅਵਿਆਂ ਦੇ ਉਲਟ ਸਿਟੀ ਬਿਊਟੀਫੁਲ ਵਿੱਚ ਦਿਨ ਭਰ ਗਰਮੀ ਦਾ ਕਹਿਰ ਜਾਰੀ ਰਿਹਾ। ਇੱਥੇ ਸ਼ਾਮ ਨੂੰ 4 ਵਜੇ ਦੇ ਕਰੀਬ ਲਗਾਤਾਰ ਇਕ ਘੰਟਾ ਪਏ ਮੀਂਹ ਕਰ ਕੇ ਮੌਸਮ ਖ਼ੁਸ਼ਗਵਾਰ ਹੋ ਗਿਆ। ਮੀਂਹ ਤੋਂ ਤੁਰੰਤ ਬਾਅਦ ਚੱਲੀਆਂ ਠੰਢੀਆਂ ਹਵਾਵਾਂ ਕਰ ਕੇ ਲੋਕ ਸੁਖਨਾ ਝੀਲ ਅਤੇ ਹੋਰ ਘੁੰਮਣ ਵਾਲੀਆਂ ਥਾਵਾਂ ’ਤੇ ਵੱਡੀ ਗਿਣਤੀ ਵਿਚ ਪਹੁੰਚੇ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਵਿੱਚ ਮੌਨਸੂਨ ਚੰਡੀਗੜ੍ਹ ਵਿੱਚ ਦਸਤਕ ਦੇ ਸਕਦਾ ਹੈ।
ਸ਼ਹਿਰ ਦੇ ਸੁਖਨਾ ਝੀਲ, ਰੋਜ਼ ਗਾਰਡਨ, ਏਲਾਂਤੇ ਮਾਲ ਸਣੇ ਹੋਰ ਘੁੰਮਣ ਵਾਲੀਆਂ ਥਾਵਾਂ ’ਤੇ ਅਤਿ ਦੀ ਗਰਮੀ ਕਰ ਕੇ ਸਵੇਰ-ਸ਼ਾਮ ਹੀ ਲੋਕ ਪਹੁੰਚੇ ਹੋਏ ਦਿਖਾਈ ਦਿੰਦੇ ਸਨ ਪਰ ਮੀਂਹ ਤੋਂ ਬਾਅਦ ਸੁਖਨਾ ਝੀਲ ’ਤੇ ਵੱਡੀ ਗਿਣਤੀ ਵਿਚ ਪੁੱਜੇ ਲੋਕਾਂ ਨੇ ਮੌਸਮ ਦਾ ਆਨੰਦ ਮਾਣਿਆ।
ਇਸ ਦੌਰਾਨ ਸ਼ਹਿਰ ਵਿਚ ਵੱਖ ਵੱਖ ਥਾਈਂ ਇਕੱਤਰ ਹੋਏ ਲੋਕਾਂ ਵੱਲੋਂ ਕਰੋਨਾਵਾਇਰਸ ਦੇ ਨਿਯਮਾਂ ਦੀਆਂ ਧੱਜੀਆਂ ਵੀ ਉਡਾਈਆਂ ਗਈਆਂ। ਇਸੇ ਤਰ੍ਹਾਂ ਸੈਕਟਰ-22 ਦੀ ਮੋਬਾਈਲ ਮਾਰਕੀਟ ਵਿੱਚ ਆਉਣ ਵਾਲੇ ਲੋਕਾਂ ਨੇ ਵੀ ਮਾਸਕ ਦੀ ਵਰਤੋਂ ਨਾ ਕੀਤੀ। ਉੱਧਰ, ਸੈਕਟਰ-15 ਅਤੇ 16 ਦੀ ਮਾਰਕੀਟ ਵਿੱਚ ਵੀ ਲੋਕ ਬਿਨਾਂ ਮਾਸਕ ਤੋਂ ਫਿਰਦੇ ਰਹੇ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਦਾ ਰਾਜਧਾਨੀ ਚੰਡੀਗੜ੍ਹ ਵਿੱਚ ਸਵੇਰ ਤੋਂ ਨਿਕਲੀ ਕੜਾਕੇ ਦੀ ਧੁੱਪ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਸ਼ਾਮ ਨੂੰ 4 ਵਜੇ ਮੀਂਹ ਪੈਣ ਕਰ ਕੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 37.5 ਡਿਗਰੀ ਸੈਲਸੀਅਸ ਦਰਜ ਕੀਤਾ ਹੈ ਜਦੋਂਕਿ ਘੱਟ ਤੋਂ ਘੱਟ ਤਾਪਮਾਨ 30.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ 10 ਤੋਂ 14 ਜੁਲਾਈ ਤੱਕ ਸ਼ਹਿਰ ਵਿੱਚ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।