ਕਰਮਜੀਤ ਸਿੰਘ ਚਿੱਲਾ
ਬਨੂੜ, 5 ਅਕਤੂਬਰ
ਆਸ਼ਾ ਅਤੇ ਫੈਸਿਲੀਟੇਟਰ ਯੂਨੀਅਨ ਦੇ ਸੱਦੇ ਉੱਤੇ ਅੱਜ ਪੀਐੱਚਸੀ ਕਾਲੋਮਾਜਰਾ ਵਿੱਚ ਆਸ਼ਾ ਅਤੇ ਫੈਲਿਸੀਟੇਟਰ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ ਅਤੇ ਨਾਅਰੇਬਾਜ਼ੀ ਵੀ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਕਰਮਜੀਤ ਕੌਰ, ਮੀਤ ਪ੍ਰਧਾਨ ਪੂਨਮਜੀਤ ਕੌਰ, ਚੰਚਲ ਬਾਲਾ, ਹਰਜੀਤ ਕੌਰਮ ਅਨੁਰਾਧਾ, ਪਰਮਜੀਤ ਕੌਰ, ਮਨਜੀਤ ਕੌਰ, ਹਰਿੰਦਰ ਕੌਰ, ਸੁਰਿੰਦਰ ਕੌਰ, ਕਰਮਜੀਤ ਕੌਰ, ਸੁਦੇਸ਼ ਮਾਣਕਪੁਰ ਨੇ ਪੰਜਾਬ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕਰਨ ਦੀ ਸਖਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਹੋਈ ਮੀਟਿੰਗ ਦੌਰਾਨ ਆਸ਼ਾ ਵਰਕਰਾਂ ਨੂੰ 2500 ਰੁਪਏ ਮਾਸਿਕ ਕੋਵਿਡ ਭੱਤਾ ਦੇਣ ਦੀ ਸਹਿਮਤੀ ਬਣਨ ਦੇ ਬਾਵਜੂਦ ਹਾਲੇ ਤੱਕ ਨੋਟੀਫ਼ਿਕੇਸ਼ਨ ਜਾਰੀ ਨਹੀਂ ਕੀਤਾ ਗਿਆ।
ਆਸ਼ਾ ਵਰਕਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ 15 ਹਜ਼ਾਰ ਦੀ ਬੇਸਿਕ ਤਨਖਾਹ ਦਿੱਤੀ ਜਾਵੇ, ਰੋਜ਼ਾਨਾ ਹਾਜ਼ਰੀ ਲਗਵਾਈ ਜਾਵੇ ਅਤੇ ਪੱਕਾ ਕੀਤਾ ਜਾਵੇ। ਉਨ੍ਹਾਂ ਹਰਿਆਣਾ ਪੈਟਰਨ ਉੱਤੇ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਹੋਰ ਭੱਤੇ ਦੇਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਨੇ ਕੋਵਿਡ ਮਾਹਮਾਰੀ ਵਿੱਚ ਆਪਣੀਆਂ ਜਾਨਾਂ ਜੋਖ਼ਿਮ ਵਿੱਚ ਪਾਕੇ ਜ਼ਮੀਨੀ ਪੱਧਰ ਉੱਤੇ ਸੇਵਾਵਾਂ ਨਿਭਾਈਆਂ ਹਨ ਤੇ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਤੁਰੰਤ ਪ੍ਰਵਾਨ ਕਰੇ। ਉਨ੍ਹਾਂ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ ਵੀ ਦਿੱਤੀ। ਇਸ ਮੌਕੇ ਉਨ੍ਹਾਂ ਐੱਸਐੱਮਓ ਨੂੰ ਮੰਗ ਪੱਤਰ ਵੀ ਦਿੱਤਾ।
ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਰੋਸ ਮੁਜ਼ਾਹਰਾ
ਮੁਹਾਲੀ (ਪੱਤਰ ਪ੍ਰੇਰਕ): ਪੰਜਾਬ ਰਾਜ ਜ਼ਿਲ੍ਹਾ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੀ ਸੂਬਾ ਗਵਰਨਿੰਗ ਬਾਡੀ ਦੇ ਸੱਦੇ ’ਤੇ ਅੱਜ ਡੀਸੀ ਦਫ਼ਤਰ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੇ ਨਿੱਜੀ ਦਖ਼ਲ ਕਾਰਨ ਪ੍ਰਦਰਸ਼ਨਕਾਰੀਆਂ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਵੱਲ ਕੂਚ ਕਰਨ ਦਾ ਪ੍ਰੋਗਰਾਮ ਐਨ ਮੌਕੇ ਮੁਲਤਵੀ ਕੀਤਾ ਗਿਆ। ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦਫ਼ਤਰੀ ਸਟਾਫ਼ ਯੂਨੀਅਨ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ 8 ਅਕਤੂਬਰ ਨੂੰ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਹੁਸ਼ਨ ਲਾਲ ਨਾਲ ਮੀਟਿੰਗ ਕਰਵਾਈ ਜਾਵੇਗੀ। ਜ਼ਿਲ੍ਹਾ ਮੁਹਾਲੀ ਦੇ ਯੂਨੀਅਨ ਪ੍ਰਧਾਨ ਗੁਰਮੁਖ ਸਿੰਘ, ਜ਼ਿਲ੍ਹਾ ਚੇਅਰਮੈਨ ਵਿਜੈ ਪ੍ਰਭਾਕਰ, ਜਨਰਲ ਸਕੱਤਰ ਗਗਨਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਪ੍ਰਦੀਪ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਡੀਸੀ ਦਫ਼ਤਰ ਦੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਮੰਨਣ ਤੋਂ ਟਾਲ-ਮਟੋਲ ਕਰ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਡੀਸੀ ਦਫ਼ਤਰ ਯੂਨੀਅਨ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ, ਖ਼ਤਮ ਕੀਤੀਆਂ ਗਈਆਂ ਬਰਾਂਚਾਂ ਅਤੇ ਅਸਾਮੀਆਂ ਵੀ ਬਹਾਲ ਕੀਤੀਆਂ ਜਾਣ।