ਪੰਜਾਬ ਯੂਨੀਵਰਸਿਟੀ ਦੀਆਂ ਪੂਟਾ ਚੋਣਾਂ ਮੁਲਤਵੀ

ਰਿਟਰਨਿੰਗ ਅਫ਼ਸਰ ਨੇ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਨਾ ਮਿਲਣ ਦਾ ਤਰਕ ਦਿੱਤਾ

ਪੰਜਾਬ ਯੂਨੀਵਰਸਿਟੀ ਦੀਆਂ ਪੂਟਾ ਚੋਣਾਂ ਮੁਲਤਵੀ

ਪੱਤਰ ਪ੍ਰੇਰਕ

ਚੰਡੀਗੜ੍ਹ, 24 ਸਤੰਬਰ

ਪੰਜਾਬ ਯੂਨੀਵਰਸਿਟੀ ਵਿਚ ਸੈਸ਼ਨ 2020-21 ਲਈ 25 ਸਤੰਬਰ ਨੂੰ ਹੋਣ ਵਾਲੀਆਂ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਚੋਣਾਂ ਤੁਰੰਤ ਪ੍ਰਭਾਵ ਨਾਲ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਚੋਣਾਂ ਲਈ ਰਿਟਰਨਿੰਗ ਅਫ਼ਸਰ ਵੱਲੋਂ ਭਾਵੇਂ ਚੋਣਾਂ ਮੁਲਤਵੀ ਕੀਤੇ ਜਾਣ ਦਾ ਕਾਰਨ ਪ੍ਰਸ਼ਾਸਨਿਕ ਮਨਜ਼ੂਰੀ ਨਾ ਮਿਲਣਾ ਦੱਸਿਆ ਗਿਆ ਹੈ ਪਰ ਚੋਣ ਲੜ ਰਹੇ ਮ੍ਰਿਤੁੰਜੇ-ਨੌਹਰਾ ਟੀਮ ਨੇ ਇਸ ਕਾਰਵਾਈ ਨੂੰ ਗੈਰ-ਲੋਕਤੰਤਰਿਕ ਦੱਸਿਆ ਹੈ। 

ਚੋਣ ਲੜਨ ਵਾਲੀ ਇਸ ਟੀਮ ਦੀ ਆਗੂ ਅਤੇ ਸਾਬਕਾ ਪ੍ਰਧਾਨ ਰਾਜੇਸ਼ ਗਿੱਲ ਨੇ ਕਿਹਾ ਕਿ ਪੂਟਾ ਇੱਕ ਖੁਦਮੁਖਤਿਆਰ ਸੰਸਥਾ ਹੈ ਜਿਸ ਵਿੱਚ ਪ੍ਰਸ਼ਾਸਨ ਦੀ ਕੋਈ ਦਖਲਅੰਦਾਜ਼ੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਕਿ ਦੇਸ਼ ਵਿੱਚ ਅਨਲੌਕ-4 ਵੀ ਲਾਗੂ ਹੋ ਗਿਆ ਹੈ ਅਤੇ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਪੜ੍ਹਾਈ ਲਈ ਬੁਲਾਉਣ ਲਈ ਯੂ.ਟੀ. ਪ੍ਰਸ਼ਾਸਨ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ, ਇਸ ਦੇ ਬਾਵਜੂਦ ਯੂਨੀਵਰਸਿਟੀ ਵਿਚ ਅਚਾਨਕ ‘ਪੂਟਾ’ ਚੋਣਾਂ ਮੁਲਤਵੀ ਕਰਨਾ ਲੋਕਤੰਤਰ ਦਾ ਕਥਿਤ ਤੌਰ ’ਤੇ ਘਾਣ ਹੈ। 

ਸ੍ਰੀਮਤੀ ਗਿੱਲ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਬਹੁਤ ਹੀ ਸੁਰੱਖਿਅਤ ਢੰਗ ਨਾਲ ਇਹ ਚੋਣਾਂ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਸੀ ਤੇ ਇੱਕ ਪ੍ਰਾਈਵੇਟ ਪ੍ਰੋਫ਼ੈਸ਼ਨਲ ਕੰਪਨੀ ਨੂੰ ਸੈਨੀਟਾਈਜੇਸ਼ਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਸੀ ਤਾਂ ਕਿ ਕਰੋਨਾ ਦਾ ਅਸਰ ਇਨ੍ਹਾਂ ਚੋਣਾਂ ’ਤੇ ਨਾ ਪੈ ਸਕੇ।

ਅੱਜ ਤੇ ਭਲਕੇ ਪੈਣੀਆਂ ਸਨ ਵੋਟਾਂ

ਪੰਜਾਬ ਯੂਨੀਵਰਸਿਟੀ ਵਿਚ 25 ਅਤੇ 26 ਸਤੰਬਰ ਨੂੰ ਪੂਟਾ ਚੋਣਾਂ ਕਰਵਾਈਆਂ ਜਾਣੀਆਂ ਸਨ ਅਤੇ ਇਨ੍ਹਾਂ ਚੋਣਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ। ਅੱਜ ਰਿਟਰਨਿੰਗ ਅਫ਼ਸਰ ਪ੍ਰੋ. ਵਿਜੇ ਨਾਗਪਾਲ ਨੇ ਅਚਾਨਕ ਚੋਣਾਂ ਮੁਲਤਵੀ ਕਰਨ ਬਾਰੇ ਪੱਤਰ ਜਾਰੀ ਕਰ ਦਿੱਤਾ ਜਿਸ ਵਿੱਚ ਕਿਹਾ ਗਿਆ ਕਿ ਫਿਲਹਾਲ ਪ੍ਰਸ਼ਾਸਨ ਵੱਲੋਂ ਇਨ੍ਹਾਂ ਚੋਣਾਂ ਦੀ ਮਨਜ਼ੂਰੀ ਸਬੰਧੀ ਕੋਈ ਪੱਤਰ ਪ੍ਰਾਪਤ ਨਹੀਂ ਹੋਇਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All