ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 23 ਸਤੰਬਰ
ਪਿੰਡ ਪਲਸੌਰਾ ਦੇ ਵਾਸੀਆਂ ਵੱਲੋਂ ਪ੍ਰਸ਼ਾਸਨ ਤੇ ਨਗਰ ਨਿਗਮ ’ਤੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਮਾਮਲੇ ’ਚ ਵਿਤਕਰੇ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਵੱਲੋਂ ਪਿੰਡ ਵਿਚ ਲੰਮੇ ਸਮੇਂ ਤੋਂ ਸਰਕਾਰੀ ਸਕੂਲ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਹਾਲੇ ਤਕ ਪ੍ਰਸ਼ਾਸਨ ਨੇ ਪਿੰਡ ਵਾਸੀਆਂ ਦੀ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੱਢਿਆ। ਇਥੋਂ ਦਾ ਸਰਕਾਰੀ ਪ੍ਰਾਇਮਰੀ ਸਕੂਲ ਬੰਦ ਹੋ ਚੁੱਕਾ ਹੈ ਤੇ ਪਿੰਡ ਵਿਚ ਹੋਰ ਸਕੂਲ ਨਹੀਂ ਖੋਲ੍ਹਿਆ ਗਿਆ। ਇਸ ਤੋਂ ਬਾਅਦ ਹੁਣ ਪਿੰਡ ਵਿਚਲਾ ਸੰਪਰਕ ਸੈਂਟਰ ਵੀ ਦੂਜੇ ਸੈਕਟਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਜਿਸ ਕਾਰਨ ਪਿੰਡ ਵਾਸੀਆਂ ਵਿਚ ਨਗਰ ਨਿਗਮ ਤੇ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਯੂਟੀ ਦੇ ਸਿੱਖਿਆ ਵਿਭਾਗ ਵਲੋਂ ਚੰਡੀਗੜ੍ਹ ਵਿਚ ਕਈ ਸਰਕਾਰੀ ਸਕੂਲ ਬਣਾਉਣ ਲਈ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿਸ ਵਿਚ ਪਲਸੌਰਾ ਸ਼ਾਮਲ ਨਹੀਂ ਹੈ। ਪਲਸੌਰਾ ਪਿੰਡ ਦੇ ਜੈ ਚੰਦ, ਦਲਜੀਤ ਸਿੰਘ ਲੰਬੜਦਾਰ ਨੇ ਦੱਸਿਆ ਕਿ ਇਥੇ ਸਰਕਾਰੀ ਪ੍ਰਾਇਮਰੀ ਸਕੂਲ ਸਾਲ 1980 ਦੇ ਕਰੀਬ ਉਸਾਰਿਆ ਗਿਆ ਸੀ ਤੇ ਇਸ ਸਕੂਲ ਨੂੰ ਬੰਦ ਹੋਏ ਨੂੰ ਕਈ ਸਾਲ ਹੋ ਗਏ ਹਨ ਤੇ ਇਸ ਪਿੰਡ ਦੇ ਬੱਚੇ ਸਰਕਾਰੀ ਸਕੂਲ ਸੈਕਟਰ 54 ਵਿਚ ਪੜ੍ਹਨ ਜਾਂਦੇ ਹਨ ਜੋ ਪਿੰਡ ਤੋਂ ਕਾਫ਼ੀ ਦੂਰ ਹੈ। ਉਨ੍ਹਾਂ ਦੱਸਿਆ ਕਿ ਇਸ ਸਕੂਲ ਦੀ ਇਮਾਰਤ ਗੁਰਦੁਆਰੇ ਦੀ ਜ਼ਮੀਨ ਵਿਚ ਉਸਾਰੀ ਗਈ ਸੀ ਜਿਸ ਨੂੰ ਸਰਪੰਚ ਚਰਨ ਸਿੰਘ ਦੇ ਯਤਨਾਂ ਨਾਲ ਬਣਾਇਆ ਗਿਆ ਸੀ। ਪਿੰਡ ਵਾਸੀ ਮੰਗ ਕਰਦੇ ਹਨ ਕਿ ਉਨ੍ਹਾਂ ਦੇ ਪਿੰਡ ਵਿਚ ਸਰਕਾਰੀ ਸਕੂਲ ਖੋਲ੍ਹਿਆ ਜਾਵੇ। ਸਾਬਕਾ ਸਰਪੰਚ ਜੈ ਚੰਦ ਨੇ ਦੱਸਿਆ ਕਿ ਪਿੰਡ ਪਲਸੌਰਾ ਵਿਚ ਈ‘ਸੰਪਰਕ ਕੇਂਦਰ ਚਲਦਾ ਸੀ ਪਰ ਇਸ ਕੇਂਦਰ ਨੂੰ ਕੁਝ ਦਿਨ ਪਹਿਲਾਂ ਇਹ ਕਹਿ ਕੇ ਬੰਦ ਕਰ ਦਿੱਤਾ ਗਿਆ ਹੈ ਕਿ ਇਸ ਦੀ ਇਮਾਰਤ ਖਸਤਾ ਹਾਲ ਹੈ ਜਿਸ ਕਰ ਕੇ ਪਿੰਡ ਵਾਸੀਆਂ ਨੂੰ ਆਪਣੇ ਰੋਜ਼ਾਨਾ ਦੇ ਕੰਮ ਕਰਵਾਉਣ ਲਈ ਪਿੰਡ ਤੋਂ ਬਾਹਰ ਜਾਣਾ ਪੈਂਦਾ ਹੈ। ਉਨ੍ਹਾਂ ਨੇ ਇਸ ਕੇਂਦਰ ਲਈ ਇਕ ਕਮਰਾ ਵਰਤਣ ਦੀ ਸਲਾਹ ਵੀ ਦਿੱਤੀ ਸੀ ਜੋ ਮੰਨੀ ਨਹੀਂ ਗਈ।
ਡੀਪੀਆਈ ਵੱਲੋਂ ਸਕੂਲ ਦਾ ਦੌਰਾ
ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਉਹ ਅੱਜ ਸਰਕਾਰੀ ਸਕੂਲ ਪਲਸੌਰਾ ਗਏ ਸੀ ਤੇ ਸਕੂਲ ਇਮਾਰਤਾਂ ਦੀਆਂ ਡਰਾਇੰਗਾਂ ਵੀ ਮੰਗਵਾਈਆਂ ਹਨ। ਉਨ੍ਹਾਂ ਵੱਲੋਂ ਇਸ ਖਾਲੀ ਤੇ ਖਸਤਾ ਸਕੂਲ ਦੀ ਇਮਾਰਤ ਦੀ ਥਾਂ ਨਵੇਂ ਸਿਰੇ ਤੋਂ ਸਕੂਲ ਬਣਵਾਉਣ ਲਹੀ ਸਲਾਹਕਾਰ ਨੂੰ ਲਿਖਿਆ ਜਾਵੇਗਾ। ਦੂਜੇ ਪਾਸੇ ਏਰੀਆ ਕੌਂਸਲਰ ਮੁਨੱਵਰ ਮਸੀਹ ਨੇ ਦੱਸਿਆ ਕਿ ਉਨ੍ਹਾਂ ਨੇ ਸਕੂਲ ਦੀ ਨਵੀਂ ਇਮਾਰਤ ਤੇ ਨਵੇਂ ਸੰਪਰਕ ਸੈਂਟਰ ਖੋਲ੍ਹਣ ਲਈ ਪ੍ਰਸ਼ਾਸਕ ਤੇ ਸਲਾਹਕਾਰ ਨੂੰ ਪੱਤਰ ਲਿਖੇ ਹਨ ਤਾਂ ਕਿ ਪਿੰਡ ਵਾਸੀਆਂ ਦੀ ਸਮੱਸਿਆ ਦੂਰ ਹੋ ਸਕੇ।