ਪੱਤਰ ਪ੍ਰੇਰਕ
ਚੰਡੀਗੜ੍ਹ, 29 ਜੂਨ
ਪੰਜਾਬ ਯੂਨੀਵਰਸਿਟੀ ਦੇ ਨਿਊਕਲੀਅਰ ਮੈਡੀਸਿਨ ਸੈਂਟਰ ਨੂੰ ਬੰਦ ਕਰਨ ਬਾਰੇ ਅੱਜ ਉਸ ਸਮੇਂ ਸਥਿਤੀ ਸਪੱਸ਼ਟ ਹੋ ਗਈ ਜਦੋਂ ’ਵਰਸਿਟੀ ਦੀ ਅਥਾਰਿਟੀ ਨੇ ਦੱਸਿਆ ਕਿ ਪੀਜੀਆਈ ਵੱਲੋਂ ਆਪਣਾ ਵੱਖਰਾ ਐੱਮ.ਐੱਸ.ਸੀ. ਨਿਊਕਲੀਅਰ ਮੈਡੀਸਨ ਕੋਰਸ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਪੀਯੂ ਨਾਲ ਸਾਂਝੇ ਪ੍ਰੋਗਰਾਮ ਨੂੰ ਬੰਦ ਕਰਨ ਦੀ ਪ੍ਰਵਾਨਗੀ 3 ਅਪਰੈਲ 2021 ਨੂੰ ਪੀਜੀਆਈ ਦੀ ਗਵਰਨਿੰਗ ਬਾਡੀ ਵੱਲੋਂ ਲੈ ਲਈ ਗਈ ਸੀ।
ਡੀਨ ਯੂਨੀਵਰਸਿਟੀ ਇੰਸਟਰੱਕਸ਼ਨਜ਼ ਪ੍ਰੋ. ਰੇਣੂ ਵਿਗ ਨੇ ਦੱਸਿਆ ਕਿ ਪੀਜੀਆਈ ਨੂੰ 2021-2022 ਦਾ ਸੈਸ਼ਨ ਪੂਰਾ ਕਰਨ ਦੀ ਬੇਨਤੀ ਕੀਤੀ ਗਈ ਸੀ। ਹੁਣ ਸੈਸ਼ਨ ਖ਼ਤਮ ਹੋਣ ਉਪਰੰਤ ਪੀਜੀਆਈ ਵੱਲੋਂ ਆਪਣੇ ਐੱਮ.ਐੱਸ.ਸੀ. ਨਿਊਕਲੀਅਰ ਮੈਡੀਸਨ ਟੈਕਨਾਲੋਜੀ ਕੋਰਸ (2022-2024) ਵਿੱਚ ਦਾਖਲੇ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ ਅਤੇ ਦਾਖਲਾ ਵੀ ਚੱਲ ਰਿਹਾ ਹੈ। ਪੀਜੀਆਈ ਦਾ ਆਪਣਾ ਐੱਮਐੱਸਸੀ ਪ੍ਰੋਗਰਾਮ ਸ਼ੁਰੂ ਕਰਨ ਅਤੇ ਸਾਂਝੇ ਪ੍ਰੋਗਰਾਮ ਨੂੰ ਖਤਮ ਕਰਨ ਦਾ ਪ੍ਰਸਤਾਵ ਮੁੱਖ ਤੌਰ ’ਤੇ ਇਸ ਲਈ ਸੀ ਕਿਉਂਕਿ ਪੀਯੂ ਦੇ ਨਿਊਕਲੀਅਰ ਮੈਡੀਸਨ ਵਿਭਾਗ ਵਿੱਚ ਸਿਰਫ਼ ਇੱਕ ਹੀ ਫੈਕਲਟੀ ਮੈਂਬਰ ਸੀ ਜੋ ਕਿ ਅਧਿਆਪਨ ਲਈ ਕਾਫ਼ੀ ਨਹੀਂ ਸੀ ਅਤੇ ਇਹੀ ਵਿਦਿਆਰਥੀਆਂ ਦੀ ਚਿੰਤਾ ਸੀ। ਮੌਜੂਦਾ ਸੈਸ਼ਨ-2022 ਵਿੱਚ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਦੇ ਨਵੇਂ ਦਾਖਲੇ ਮੌਜੂਦਾ ਸਥਿਤੀ ਵਿੱਚ ਸੰਭਵ ਨਹੀਂ ਹੋ ਸਕਦੇ ਸਨ ਅਤੇ ਵਿਦਿਆਰਥੀਆਂ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਨੂੰ ਰੋਕ ਦਿੱਤਾ ਗਿਆ ਹੈ।