ਕੁਲਦੀਪ ਸਿੰਘ
ਚੰਡੀਗੜ੍ਹ, 23 ਜੁਲਾਈ
ਪੰਜਾਬ ਯੂਨੀਵਰਸਿਟੀ ਵਿੱਚ ਰਿਸਰਚ ਤਹਿਤ ਫੰਡਾਂ ਦੀ ਵਰਤੋਂ ਵਾਸਤੇ ਨੀਤੀ ਬਣਾਉਣ ਦੀ ਮੰਗ ਨੂੰ ਲੈ ਕੇ ਪੀਯੂ ਟੀਚਰਜ਼ ਐਸੋਸੀਏਸ਼ਨ (ਪੂਟਾ) ਵੱਲੋਂ ਅੱਜ ਵਾਈਸ ਚਾਂਸਲਰ ਨੂੰ ਪੱਤਰ ਭੇਜਿਆ ਗਿਆ ਹੈ ਜਿਸ ਵਿੱਚ ਇਸ ਮਕਸਦ ਲਈ ਗਠਿਤ ਕੀਤੀ ਕਮੇਟੀ ਵਿੱਚ ਪੂਟਾ ਪ੍ਰਧਾਨ ਨੂੰ ਵੀ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ।
ਪੂਟਾ ਦੇ ਪ੍ਰਧਾਨ ਡਾ. ਮ੍ਰਿਤੁੰਜਯ ਕੁਮਾਰ ਅਤੇ ਜਨਰਲ ਸਕੱਤਰ ਪ੍ਰੋ. ਅਮਰਜੀਤ ਸਿੰਘ ਨੌਰਾ ਨੇ ਦੱਸਿਆ ਕਿ ’ਵਰਸਿਟੀ ਵਿੱਚ ‘ਸਿੱਖਿਆ ਦੇ ਸੁਧਾਰ’ ਤਹਿਤ ਫੰਡਾਂ ਨੂੰ ਲਚਕੀਲੇ ਢੰਗ ਨਾਲ ਵਰਤਣ ਦੀ ਵਿਵਸਥਾ ਦੇ ਨਾਲ ਫੰਡ ਵਧਾਉਣ ਲਈ ਪੂਟਾ ਦੀ ਲਿਖਤੀ ਬੇਨਤੀ ਉਪਰੰਤ ਬਜਟ ਕਮੇਟੀ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਵਾਧੂ ਫੰਡ ਅਲਾਟ ਕਰਨ ਦੀ ਸਿਫਾਰਿਸ਼ ਕੀਤੀ ਹੈ। ਹਾਲਾਂਕਿ ਨੀਤੀਗਤ ਢਾਂਚੇ ਦੀ ਘਾਟ ਕਾਰਨ ਨਵੇਂ ਬਜਟ ਸਿਰਲੇਖ ਅਧੀਨ ਫੰਡਾਂ ਦੀ ਵਰਤੋਂ ਹਾਲੇ ਤੱਕ ਨਹੀਂ ਹੋ ਸਕੀ ਹੈ ਜਿਸ ਵਾਸਤੇ ਕਮੇਟੀ ਗਠਿਤ ਕੀਤੀ ਗਈ ਸੀ ਪਰ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਐਸੋਸੀਏਸ਼ਨ ਵੱਲੋਂ ਪੱਤਰ ਵਿੱਚ ਬੇਨਤੀ ਕੀਤੀ ਗਈ ਹੈ ਕਿ ਪੂਟਾ ਪ੍ਰਧਾਨ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਜਲਦ ਤੋਂ ਜਲਦ ਨੀਤੀ ਤਿਆਰ ਕੀਤੀ ਜਾਵੇ ਤਾਂ ਜੋ ਭਾਰਤ/ਵਿਦੇਸ਼ ਵਿੱਚ ਕਾਨਫ਼ਰੰਸ/ਵਰਕਸ਼ਾਪ/ਸੈਮੀਨਾਰ/ਸਿਮਪੋਜ਼ੀਅਮ ਵਿੱਚ ਭਾਗੀਦਾਰੀ ਸਮੇਤ ਕਈ ਅਕਾਦਮਿਕ/ਖੋਜ ਗਤੀਵਿਧੀਆਂ ਨੂੰ ਨਵੇਂ ਬਜਟ ਤਹਿਤ ਕਵਰ ਕੀਤਾ ਜਾ ਸਕੇ।
ਪਹਿਲੀ ਅਪਰੈਲ ਤੋਂ ਨਹੀਂ ਵਰਤੇ ਗਏ ਫੰਡ
ਪੂਟਾ ਦੇ ਅਧਿਕਾਰੀਆਂ ਨੇ ਕਿਹਾ ਕਿ ਅਕਾਦਮਿਕ/ਖੋਜ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਫੰਡਾਂ ਵਿੱਚ ਵਾਧਾ ਕੀਤਾ ਗਿਆ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਪਹਿਲੀ ਅਪਰੈਲ ਤੋਂ ਬਾਅਦ ਕੋਈ ਵੀ ਫੰਡ ਨਹੀਂ ਵਰਤਿਆ ਗਿਆ ਜਿਸ ਨਾਲ ‘ਇੰਪਟਸ-ਟੂ-ਰਿਸਰਚ’ ਤਹਿਤ ਆਉਣ ਵਾਲੀਆਂ ਗਤੀਵਿਧੀਆਂ ਨੂੰ ਝਟਕਾ ਲੱਗੇਗਾ। ‘ਨੈਕ’ ਟੀਮ ਦੇ ਪੀਯੂ ਵਿੱਚ ਸਰਵੇਖਣ ਦੌਰਾਨ ਵੀ ਇਸ ਗੱਲ ਦਾ ਟੀਮ ਉੱਤੇ ਮਾੜਾ ਪ੍ਰਭਾਵ ਪਏਗਾ।