ਪੱਤਰ ਪ੍ਰੇਰਕ
ਚੰਡੀਗੜ੍ਹ, 26 ਅਕਤੂਬਰ
ਵਿਦਿਆਰਥੀ ਜਥੇਬੰਦੀ ਏ.ਬੀ.ਵੀ.ਪੀ. ਵੱਲੋਂ ਪੰਜਾਬ ਯੂਨੀਵਰਸਿਟੀ ਨੂੰ ਵਿਦਿਆਰਥੀਆਂ ਲਈ ਖੁਲ੍ਹਵਾਉਣ ਦੀ ਮੰਗ ਨੂੰ ਲੈ ਕੇ ਅੱਜ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂਆਂ ਵਿੱਚ ਹਰੀਸ਼ ਗੁੱਜਰ, ਕੁਦਰਤਜੋਤ ਕੌਰ, ਆਯੂਸ਼ ਖਟਕੜ, ਅਜੇ ਸੂਦ ਆਦਿ ਨੇ ਕਿਹਾ ਕਿ ਪੀ.ਯੂ. ਦੇ ਸਾਰੇ ਵਿਭਾਗਾਂ ਅਤੇ ਹੋਸਟਲਾਂ ਨੂੰ ਵਿਦਿਆਰਥੀਆਂ ਲਈ ਖੋਲ੍ਹਿਆ ਜਾਵੇ। ਇਸ ਤੋਂ ਇਲਾਵਾ ’ਵਰਸਿਟੀ ਵਿੱਚ ਵਿਦਿਆਰਥੀ ਕਾਊਂਸਿਲ ਚੋਣਾਂ ਕਰਵਾਉਣ ਦੀ ਮੰਗ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇ ਇੱਥੇ ਸੈਨੇਟ ਚੋਣਾਂ ਹੋ ਸਕਦੀਆਂ ਹਨ ਤਾਂ ਵਿਦਿਆਰਥੀ ਕਾਊਂਸਿਲ ਚੋਣਾਂ ਕਰਵਾਉਣ ਵਿੱਚ ਕੀ ਮੁਸ਼ਕਲ ਹੈ। ਏ.ਬੀ.ਵੀ.ਪੀ. ਦੀ ਸਥਾਨਕ ਇਕਾਈ ਦੇ ਸੰਯੋਜਕ ਜਤਿਨ ਸਿੰਘ ਨੇ ਕਿਹਾ ਕਿ ਜੇਕਰ ’ਵਰਸਿਟੀ ਕੈਂਪਸ ਪੂਰੀ ਤਰ੍ਹਾਂ ਨਾ ਖੋਲ੍ਹਿਆ ਗਿਆ ਤਾਂ ਜਥੇਬੰਦੀ ਵੱਲੋਂ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਪ੍ਰਦਰਸ਼ਨਕਾਰੀਆਂ ਨਿਹਰਿਕਾ, ਸ਼ੁਭਮ ਭਾਰਦਵਾਜ, ਪ੍ਰਿੰਸ ਚੌਧਰੀ, ਪ੍ਰਭ ਅਗਰਵਾਲ ਆਦਿ ਨੇ ਦੱਸਿਆ ਕਿ ਡੀਨ ਵਿਦਿਆਰਥੀ ਭਲਾਈ ਪ੍ਰੋ. ਐਸ.ਕੇ. ਤੋਮਰ ਨੇ ਵਿਸ਼ਵਾਸ ਦਿਵਾਇਆ ਕਿ ਨਵੰਬਰ ਮਹੀਨੇ ਵਿੱਚ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਜਾਵੇਗਾ।