ਕਰਮਜੀਤ ਸਿੰਘ ਚਿੱਲਾ
ਬਨੂੜ, 9 ਨਵੰਬਰ
ਇੱਥੋਂ ਦੇ ਕਮਿਊਨਿਟੀ ਹੈਲਥ ਸੈਂਟਰ ਦੇ ਨਰਸਿੰਗ ਸਟਾਫ ਵੱਲੋਂ ਆਪਣੀਆਂ ਮੰਗਾਂ ਸਬੰਧੀ ਹਸਪਤਾਲ ਦੇ ਅਹਾਤੇ ਵਿੱਚ ਅੱਜ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਮੁਜ਼ਾਹਰੇ ਵਿੱਚ ਡਾਕਟਰਾਂ ਅਤੇ ਆਊਟ ਸੋਰਸਿੰਗ ਦੇ ਮੁਲਾਜ਼ਮਾਂ ਨੇ ਸ਼ਿਰਕਤ ਕੀਤੀ ਤੇ ਉਨ੍ਹਾਂ ਦੀ ਹਰ ਪੱਖ ਤੋਂ ਹਮਾਇਤ ਦਾ ਐਲਾਨ ਕੀਤਾ। ਪੰਜਾਬ ਨਰਸਿੰਗ ਐਸੋਸੀਏਸ਼ਨ ਦੇ ਆਗੂ ਅਮਿਤ, ਰੁਪਿੰਦਰ ਕੌਰ, ਪਰਮਜੀਤ ਕੌਰ ਪਰਮ ਤੇ ਪਾਲਵੀ ਆਦਿ ਨੇ ਦੱਸਿਆ ਕਿ ਮੁਲਾਜ਼ਮ 6ਵਾਂ ਪੇ-ਕਮਿਸ਼ਨ ਦੇਣ, ਡਾਇਟ ਯੂਨੀਫਾਰਮ, ਨਰਸਿੰਗ ਕੇਅਰ, ਨਾਇਟ ਡਿਊਟੀ ਅਲਾਊਂਸ, ਟੀਏ, 2004 ਤੋਂ ਬਾਅਦ ਪੱਕੇ ਮੁਲਾਜ਼ਮਾਂ ਦੀ ਪੈਨਸ਼ਨ, ਨਵੀ ਭਰਤੀ ਕਰਨ ਸਮੇਤ ਦੂਜੇ ਰਾਜਾਂ ਵਾਂਗ ਨਰਸਿੰਗ ਅਫ਼ਸਰ ਦੇ ਅਹੁਦੇ ਨੂੰ ਰੁਤਬਾ ਦੇਣ ਆਦਿ ਮੰਗਾਂ ਸਬੰਧੀ ਸੰਘਰਸ਼ ਕਰਦੇ ਆ ਰਹੇ ਹਨ ਪਰ ਸਰਕਾਰ ਮੰਗਾਂ ਮੰਨਣ ਵਿੱਚ ਆਨਾਕਾਨੀ ਕਰ ਰਹੀ ਹੈ। ਡਾਕਟਰ ਗਗਨਦੀਪ ਸਿੰਘ ਸ਼ੇਰਗਿੱਲ ਨੇ ਵੀ ਉਨ੍ਹਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਉਨ੍ਹਾਂ ਦੀਆਂ ਹੱਕੀ ਮੰਗਾਂ ਤੁਰੰਤ ਮੰਨੇ ਜਾਣ ਦੀ ਵਕਾਲਤ ਕੀਤੀ।
ਫ਼ਤਹਿਗੜ੍ਹ ਸਾਹਿਬ (ਹਿਮਾਂਸ਼ੂ ਸੂਦ): ਪੰਜਾਬ ਸਰਕਾਰ ਵੱਲੋਂ ਨਰਸਿੰਗ ਐਸੋਸੀਏਸ਼ਨ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਸੂਬੇ ਵਿੱਚ ਸੂਬਾਈ ਇਕਾਈ ਦੇ ਫ਼ੈਸਲੇ ਅਨੁਸਾਰ ਜ਼ਿਲ੍ਹਾ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿੱਚ ਸਮੂਹ ਸਟਾਫ਼ ਨਰਸਾਂ ਨੇ ਸਮੂਹਿਕ ਛੁੱਟੀ ਲੈ ਕੇ ਦੂਜੇ ਦਿਨ ਵੀ ਹੜਤਾਲ ਜਾਰੀ ਰੱਖੀ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੂੰ ਮੰਗ ਪੱਤਰ ਵੀ ਸੌਂਪਿਆ। ਇਸ ਮੌਕੇ ਜੁਆਇੰਟ ਐਕਸ਼ਨ ਕਮੇਟੀ ਦੀ ਕਨਵੀਨਰ ਸਤਵੰਤ ਕੌਰ, ਦਲਜੀਤ ਕੌਰ, ਨਰਸ ਹਰਮੀਤ ਕੌਰ ਆਦਿ ਹਾਜ਼ਰ ਸਨ।