ਸਰਬਜੀਤ ਸਿੰਘ ਭੱਟੀ
ਲਾਲੜੂ, 21 ਮਈ
ਨਜ਼ਦੀਕੀ ਜੌਲਾ ਕਲਾਂ ਨੇੜੇ ਪੈਂਦੇ ਪਿੰਡ ਧਰਮਗੜ੍ਹ ਵਿੱਚ ਇਕ ਪੋਲਟਰੀ ਫਾਰਮ ਦੇ ਪ੍ਰਬੰਧਕਾਂ ਵੱਲੋਂ ਮੁਰਗੀਆਂ ਦੇ ਮਰੇ ਹੋਏ ਬੱਚੇ ਅਤੇ ਰਹਿੰਦ-ਖੂੰਹਦ ਖੁੱਲ੍ਹੇ ਆਸਮਾਨ ਹੇਠ ਸੁੱਟੇ ਜਾਣ ਨੂੰ ਲੈ ਕੇ ਇਲਾਕਾ ਵਾਸੀਆਂ ਨੇ ਭਾਰਤੀ ਕਿਸਾਨ ਯੁੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੂੰ ਫੋਨ ਕੀਤਾ ਗਿਆ ਪਰ ਉਨ੍ਹਾਂ ਫੋਨ ਨਹੀ ਚੁੱਕਿਆ। ਇਸ ਤੋਂ ਬਾਅਦ ਹੰਡੇਸਰਾ ਪੁਲੀਸ ਨੇ ਹਾਲਾਤ ਦਾ ਜਾਇਜ਼ਾ ਲਿਆ ਤੇ ਦੇਖਿਆ ਕਿ ਮਰੀਆਂ ਹੋਈ ਮੁਰਗੀਆਂ ਦੇ ਬੱਚੇ ਚਾਰੇ ਪਾਸੇ ਖਿਲਰੇ ਪਏ ਸਨ ਅਤੇ ਉਨ੍ਹਾਂ ਵਿਚੋਂ ਬਦਬੂ ਆ ਰਹੀ ਸੀ। ਇਸ ਨੂੰ ਲੈ ਕੇ ਲੋਕਾਂ ਨੇ ਭਾਰੀ ਰੋਸ ਸੀ ਅਤੇ ਲੋਕਾਂ ਨੇ ਹੰਗਾਮਾ ਵੀ ਕੀਤਾ। ਭਾਰਤੀ ਕਿਸਾਨ ਯੁੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਹੈਪੀ ਮਲਕਪੁਰ, ਗੁਰਚਰਨ ਸਿੰਘ ਜੌਲਾ, ਕਰਨੈਲ ਸਿੰਘ ਜੌਲਾ, ਭੁਪਿੰਦਰ ਸਿੰਘ ਜੰਡਲੀ ਸਮੇਤ ਪਿੰਡਾਂ ਦੇ ਪੰਚਾਂ ਤੇ ਸਰਪੰਚਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੋਲਟਰੀ ਫਾਰਮ ਬਾਰੇ ਸ਼ਿਕਾਇਤ ਮਿਲੀ ਸੀ ਕਿ ਪ੍ਰਬੰਧਕਾਂ ਨੇ ਮਰੀਆਂ ਹੋਈ ਮੁਰਗੀਆਂ ਦੇ ਚੂਚਿਆਂ ਤੇ ਗੰਦਗੀ ਬਾਹਰ ਖੇਤਾਂ ਵਿੱਚ ਸੁੱਟੀ ਹੋਈ ਹੈ ਜਿਥੇ ਕੁੱਤੇ ਮਰੇ ਹੋਏ ਚੂਚਿਆਂ ਨੂੰ ਖਾ ਰਹੇ ਹਨ। ਕਿਸਾਨ ਯੂਨੀਅਨ ਤੇ ਇਲਾਕਾ ਵਾਸੀਆਂ ਨੇ ਮੌਕੇ ’ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਐੱਸ.ਐੱਮ.ਓ ਡੇਰਾਬਸੀ ਨੂੰ ਵੀ ਸ਼ਿਕਾਇਤ ਕੀਤੀ ਕਿ ਪੋਲਟਰੀ ਫਾਰਮ ਦੇ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਮਰੀਆਂ ਹੋਈਆਂ ਮੁਰਗੀਆਂ ਦੀ ਗੰਦਗੀ ਤੇ ਬਦਬੂ ਕਾਰਨ ਮਹਾਮਾਰੀ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜੇਸੀਬੀ ਮਸ਼ੀਨ ਨਾਲ ਡੂੰਘਾ ਖੱਡਾ ਪੁੱਟਵਾ ਕੇ ਮੁਰਗੀਆਂ ਦੇ ਮਰੇ ਹੋਏ ਬੱਚਿਆਂ ਨੂੰ ਜ਼ਮੀਨ ਹੇਠ ਦਬਾਇਆ।
ਐੱਸਐੱਮਓ ਨੇ ਮਾਮਲੇ ਦੀ ਜਾਂਚ ਲਈ ਟੀਮ ਬਣਾਈ
ਸਿਵਲ ਹਸਪਤਾਲ ਡੇਰਾਬਸੀ ਦੀ ਐੱਸਐੱਮਓ ਡਾ. ਸੰਗੀਤਾ ਜੈਨ ਨੇ ਇਸ ਮਾਮਲੇ ਦੀ ਜਾਂਚ ਲਈ ਸਿਹਤ ਵਿਭਾਗ ਦੀ ਟੀਮ ਦਾ ਗਠਨ ਕੀਤਾ ਹੈ ਤੇ ਰਿਪੋਰਟ ਆਉਣ ’ਤੇ ਪੋਲਟਰੀ ਫਾਰਮ ਦੇ ਪ੍ਰਬੰਧਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।