ਜਗਮੋਹਨ ਸਿੰਘ
ਘਨੌਲੀ, 23 ਅਪਰੈਲ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀਆਂ ਸੁਆਹ ਵਾਲੀਆਂ ਝੀਲਾਂ ਵਿੱਚੋਂ ਸੁਆਹ ਚੁੱਕਣ ਦਾ ਮਾਮਲਾ ਇੱਕ ਵਾਰ ਫਿਰ ਭਖ ਗਿਆ ਹੈ। ਅੱਜ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੇ ਪਿੰਡ ਦਬੁਰਜੀ ਵਿੱਚ ਸੁਆਹ ਵਾਲੀਆਂ ਝੀਲਾਂ ਦੇ ਨੇੜੇ ਟੈਂਟ ਲਾ ਕੇ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਹੈ। ਧਰਨੇ ’ਤੇ ਬੈਠੇ ਕਮਲਜੀਤ ਸਿੰਘ, ਬਿਕਰਮ ਸਿੰਘ, ਅਮਰਜੀਤ ਸਿੰਘ ਲਾਡੀ, ਜਸਕਰਨ ਸਿੰਘ, ਹਰਵਿੰਦਰ ਸਿੰਘ, ਸੰਦੀਪ ਸਿੰਘ, ਕੁਲਵਿੰਦਰ ਸਿੰਘ, ਹਰਪਾਲ ਸਿੰਘ, ਗੁਰਮੀਤ ਸਿੰਘ, ਮਹਿਮਾ ਸਿੰਘ, ਨਰਿੰਦਰ ਸਿੰਘ, ਰਾਮ ਸਿੰਘ, ਪਰਮਜੀਤ ਸਿੰਘ ਬਹਾਦਰਪੁਰ, ਤਜਿੰਦਰ ਸਿੰਘ ਲੋਹਗੜ੍ਹ ਫਿੱਡੇ ਤੇ ਭਜਨ ਸਿੰਘ ਰਣਜੀਤਪੁਰਾ ਆਦਿ ਨੇ ਦੋਸ਼ ਲਾਇਆ ਕਿ ਥਰਮਲ ਪਲਾਂਟ ਦੀਆਂ ਝੀਲਾਂ ਤੋਂ ਸੁਆਹ ਖੁੱਲ੍ਹੀ ਬਾਡੀ ਵਾਲੇ ਟਿੱਪਰਾਂ ਰਾਹੀਂ ਢੋਈ ਜਾ ਰਹੀ ਹੈ ਜਦਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਅਨੁਸਾਰ ਸੁਆਹ ਢੋਣ ਵਾਲੇ ਵਾਹਨ ਪੂਰੀ ਤਰ੍ਹਾਂ ਢਕੇ ਹੋਣੇ ਚਾਹੀਦੇ ਹਨ। ਇਲਾਕਾ ਵਾਸੀਆਂ ਨੇ ਐਲਾਨ ਕੀਤਾ ਕਿ ਉਹ ਸਿਰਫ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵਿਸ਼ੇਸ਼ ਕਿਸਮ ਦੇ ਡਿਜ਼ਾਈਨ ਕੀਤੇ ਵਾਹਨਾਂ ਰਾਹੀਂ ਹੀ ਸੁਆਹ ਢੋਣ ਦੀ ਆਗਿਆ ਦੇਣਗੇ। ਧਰਨਾਕਾਰੀਆਂ ਨੇ ਅੱਜ ਥਰਮਲ ਪਲਾਂਟ ਦੀਆਂ ਝੀਲਾਂ ਤੋਂ ਸੁਆਹ ਲੈਣ ਆਏ ਵਾਹਨਾਂ ਵਿੱਚ ਲੋਡ ਕੀਤੀ ਸੁਆਹ ਝੀਲਾਂ ਵਿੱਚ ਖਾਲੀ ਕਰਨ ਉਪਰੰਤ ਹੀ ਸੁਆਹ ਲੈਣ ਆਏ ਵਾਹਨਾਂ ਨੂੰ ਝੀਲਾਂ ਤੋਂ ਬਾਹਰ ਨਿਕਲਣ ਦਿੱਤਾ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਉਨ੍ਹਾਂ ਵੱਲੋਂ ਦਿੱਤੀਆਂ ਸ਼ਿਕਾਇਤਾਂ ’ਤੇ ਕੋਈ ਕਾਰਵਾਈ ਨਹੀਂ ਕਰ ਰਿਹਾ, ਜਿਸ ਕਰਕੇ ਲੋਕਾਂ ਨੇ ਇਕੱਠੇ ਹੋ ਕੇ ਆਪ ਹੀ ਸੁਆਹ ਦੀਆਂ ਗੱਡੀਆਂ ਨੂੰ ਰੋਕਣ ਦਾ ਬੀੜਾ ਚੁੱਕ ਲਿਆ ਹੈ।