ਪੱਤਰ ਪ੍ਰੇਰਕ
ਚੰਡੀਗੜ੍ਹ, 19 ਅਪਰੈਲ
ਯੂਟੀ ਚੰਡੀਗੜ੍ਹ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਪੰਜਾਬ ਯੂਨੀਵਰਸਿਟੀ ਵਿੱਚ ਆਊਟਸੋਰਸ ਵਰਕਰਾਂ ਦੀ ਨੌਕਰੀ ਵਿੱਚ ਪਾਈ ਜਾਂਦੀ ਬਰੇਕ ਅਤੇ ਉਨ੍ਹਾਂ ਦਾ ਆਰਥਿਕ ਸੋਸ਼ਣ ਰੋਕਣ ਸਮੇਤ ਹੋਰ ਕਈ ਮੰਗਾਂ ਨੂੰ ਲੈ ਕੇ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ। ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕਰਦਿਆਂ ਪੂਰੇ ਕੈਂਪਸ ਵਿੱਚ ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ ਦਾ ਪੁਤਲਾ ਘੁਮਾਇਆ ਅਤੇ ਗੇਟ ਨੰਬਰ 2 ’ਤੇ ਜਾ ਕੇ ਫੂਕਿਆ। ਵਿਦਿਆਰਥੀ ਜਥੇਬੰਦੀਆਂ ਵੱਲੋਂ ਸੰਘਰਸ਼ ਦਾ ਸਮਰਥਨ ਕੀਤਾ ਗਿਆ।
ਫੈਡਰੇਸ਼ਨ ਦੇ ਪ੍ਰਧਾਨ ਰਣਜੀਤ ਮਿਸ਼ਰਾ ਅਤੇ ਜਨਰਲ ਸਕੱਤਰ ਸੁਖਬੀਰ ਸਿੰਘ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਪਿਛਲੇ ਲਗਭਗ 10-15 ਸਾਲਾਂ ਤੋਂ ਕੰਮ ਕਰਦੇ ਆ ਰਹੇ ਲਗਭਗ 120 ਆਊਟਸੋਰਸਡ ਵਰਕਰਾਂ ਦਾ ਲਗਾਤਾਰ ਆਰਥਿਕ ਸੋੋਸ਼ਣ ਹੋ ਰਿਹਾ ਹੈ। ਉਹ ਇਸ ਸਬੰਧੀ ਕਈ ਵਾਰ ਮਾਮਲਾ ਉਠਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਵੱਲੋਂ ਆਊਟਸੋਰਸਡ ਵਰਕਰਾਂ ਨੂੰ ਜਾਣ-ਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਉਨ੍ਹਾਂ ਦੀ ਨੌਕਰੀ ਵਿੱਚ ਤਿੰਨ-ਤਿੰਨ ਮਹੀਨੇ ਦੀ ਬਰੇਕ ਪਾ ਦਿੱਤੀ ਜਾਂਦੀ ਹੈ ਅਤੇ ਠੇਕੇਦਾਰ ਕੋਲ ਦੁਬਾਰਾ ਕੰਮ ਕਰਨ ਲਈ ਨਹੀਂ ਲੱਗਣ ਦਿੱਤਾ ਜਾਂਦਾ। ਉਨ੍ਹਾਂ ਮੰਗ ਕੀਤੀ ਕਿ ਵਰਕਰਾਂ ਤੋਂ ਕੀਤੀ ਜਾ ਰਹੀ ਪੈਸੇ ਦੀ ਨਾਜਾਇਜ਼ ਵਸੂਲੀ ਤੁਰੰਤ ਬੰਦ ਕੀਤੀ ਜਾਵੇ, ਗੈਰ-ਕਾਨੂੰਨੀ ਢੰਗ ਨਾਲ ਕੰਮ ਵਿੱਚ ਪਾਈ ਜਾ ਰਹੀ ਬਰੇਕ ਬੰਦ ਕੀਤੀ ਜਾਵੇ, ਠੇਕੇਦਾਰਾਂ ਵੱਲੋਂ ਗ਼ਲਤ ਢੰਗ ਨਾਲ ਹਰ ਮਹੀਨੇ ਵਰਕਰਾਂ ਦੇ ਅਕਾਊਂਟ ਵਿੱਚੋਂ ਹਜ਼ਾਰ ਰੁਪਏ ਦੀ ਕਟੌਤੀ ਰੋਕੀ ਜਾਵੇ ਅਤੇ ਵਰਕਰਾਂ ਲਈ ਪ੍ਰੇਸ਼ਾਨੀ ਖੜ੍ਹੀ ਕਰਨ ਵਾਲੇ ਐਕਸੀਅਨ ਵੱਲੋਂ ਦਿੱਤੇ ਮੈਂਟੀਨੈਂਸ ਦੇ ਠੇਕਿਆਂ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ।