ਸੰਜੀਵ ਬੱਬੀ
ਚਮਕੌਰ ਸਾਹਿਬ, 17 ਅਕਤੂਬਰ
ਪੰਜਾਬ ਭਰ ਤੋਂ ਆਏ ਹਜ਼ਾਰਾਂ ਅਧਿਆਪਕਾਂ ਅਤੇ ਨਰਸਿੰਗ ਸਟਾਫ਼ ਨੇ 24 ਕੈਟਾਗਿਰੀਆਂ ਅਤੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਮੁਕੰਮਲ ਰੂਪ ਵਿੱਚ ਲਾਗੂ ਕਰਵਾਉਣ ਲਈ ਹਲਕਾ ਸ੍ਰੀ ਚਮਕੌਰ ਸਾਹਿਬ ਵਿੱਚ ਵਿਸ਼ਾਲ ਰੈਲੀ ਕਰਨ ਤੋਂ ਬਾਅਦ ਪੰਜਾਬ ਰਾਜ ਅਧਿਆਪਕ ਗੱਠਜੋੜ ਦੀ ਅਗਵਾਈ ਹੇਠ ਜਿੱਥੇ ਰੋਸ ਮਾਰਚ ਕੱਢਿਆ ਗਿਆ, ਉੱਥੇ ਹੀ ਭੂਰੜੇ ਚੌਕ ਵਿੱਚ 2 ਘੰਟੇ ਆਵਾਜਾਈ ਰੋਕ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਮਾਰਚ ਵਿੱਚ ਮਾਸਟਰ ਕੇਡਰ ਯੂਨੀਅਨ, ਬੀ. ਐੱਡ ਫਰੰਟ, ਟੈੱਟ ਪਾਸ ਈਟੀਟੀ ਅਧਿਆਪਕ ਯੂਨੀਅਨ ਅਤੇ ਨਰਸਿੰਗ ਸਟਾਫ਼ ਪੰਜਾਬ ਭਰ ਤੋਂ ਹਜ਼ਾਰਾਂ ਮੁਲਾਜ਼ਮਾਂ ਨੇ ਹਿੱਸਾ ਲਿਆ। ਸੂਬਾਈ ਆਗੂਆਂ ਬਲਦੇਵ ਸਿੰਘ ਬੁੱਟਰ, ਰਣਜੀਤ ਸਿੰਘ ਬਾਠ, ਹਰਜਿੰਦਰ ਸਿੰਗ ਪੰਨੂ, ਦਲੀਪ ਸਿੰਘ ਭੂਰੜੇ, ਲੈਕਚਰਾਰ ਸੰਜੀਵ ਕੁਮਾਰ, ਪ੍ਰਗਟਜੀਤ ਸਿੰਘ ਅਤੇ ਕਰਮਜੀਤ ਸਿੰਘ ਆਦਿ ਨੇ ਕਿਹਾ ਕਿ ਸਰਕਾਰ ਵੱਲੋਂ ਅਧਿਆਪਕਾਂ, ਨਰਸਿੰਗ ਸਟਾਫ਼ ਅਤੇ ਪੰਜਾਬ ਪੁਲੀਸ ਸਮੇਤ 24 ਕੈਟਾਗਿਰੀਆਂ ਤੇ ਲੰਗੜਾ ਪੇਅ ਕਮਿਸ਼ਨ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਆਵਾਜਾਈ ਬੰਦ ਹੋਣ ਕਾਰਨ ਲੋਕਾਂ ਨੂੰ ਖੱਜਲ ਖੁਆਰ ਹੋਣਾ ਪਿਆ।
ਧਰਨੇ ਦੌਰਾਨ ਪਹੁੰਚੇ ਤਹਿਸੀਲਦਾਰ ਚੇਤਨ ਬੰਗੜ ਵੱਲੋਂ ਮੰਗ ਪੱਤਰ ਲੈਂਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ 25 ਅਕਤੂਬਰ ਨੂੰ ਮੀਟਿੰਗ ਕਰਵਾਉਣ ਦੇ ਦਿੱਤੇ ਭਰੋਸੇ ਮਗਰੋਂ ਅਧਿਆਪਕਾਂ ਤੇ ਨਰਸਿੰਗ ਸਟਾਫ਼ ਵੱਲੋਂ ਧਰਨਾ ਚੁੱਕਿਆ ਗਿਆ। ਇਸ ਮੌਕੇ ਵਾਸ਼ਿੰਗਟਨ ਸਿੰਘ, ਬਲਜਿੰਦਰ ਸਿੰਘ, ਅਵਤਾਰ ਸਿੰਘ ਧਨੋਆ, ਦਵਿੰਦਰਪਾਲ ਸਿੰਘ, ਨਰਿੰਦਰ ਕੌਰ ,ਹਰਜੀਤ ਕੌਰ, ਗੁਰਪ੍ਰੀਤ ਸਿੰਘ ਕੈਂਬੋ ਅਤੇ ਸਰਬਜੀਤ ਸਿੰਘ ਹਾਜ਼ਰ ਸਨ।
ਕੈਪਸ਼ਨ: ਸੂਬਾ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕਰਦੇ ਹੋਏ ਅਧਿਆਪਕ।