ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਜੁਲਾਈ
ਇਥੋਂ ਦੇ ਮਾਊਂਟ ਕਾਰਮਲ ਸਕੂਲ ਸੈਕਟਰ-47 ਵਿੱਚ ਗਿਆਰ੍ਹਵੀਂ ਜਮਾਤ ਵਿੱਚ ਦਾਖਲਾ ਨਾ ਮਿਲਣ ਕਾਰਨ ਇਕ ਵਿਦਿਆਰਥੀ ਦੇ ਮਾਪਿਆਂ ਨੇ ਸਕੂਲ ਬਾਹਰ ਧਰਨਾ ਲਗਾ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਕਰੋਨਾ ਕਾਲ ਦੀ ਫੀਸ ਜਮ੍ਹਾਂ ਨਾ ਕਰਵਾਉਣ ’ਤੇ ਉਨ੍ਹਾਂ ਦੇ ਬੱਚੇ ਨੂੰ ਦਾਖਲਾ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਹਾਲੇ ਫੀਸਾਂ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਵਿਚਾਰ ਅਧੀਨ ਹੈ। ਇਸ ਕਰ ਕੇ ਉਨ੍ਹਾਂ ਉਸ ਵੇਲੇ ਦੀ ਫੀਸ ਜਮ੍ਹਾਂ ਨਹੀਂ ਕਰਵਾਈ। ਉਨ੍ਹਾਂ ਇਸ ਮਾਮਲੇ ’ਤੇ ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟ ਨੂੰ ਵੀ ਅੱਜ ਸ਼ਿਕਾਇਤ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੱਚੀ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਦਕਿ ਉਨ੍ਹਾਂ 18 ਜੁਲਾਈ ਨੂੰ ਦਰਖਾਸਤ ਕਰ ਦਿੱਤੀ ਸੀ। ਸਕੂਲ ਨੇ ਉਨ੍ਹਾਂ ਨੂੰ ਕਿਹਾ ਕਿ ਬੱਚੇ ਨੂੰ ਉਸ ਵੇਲੇ ਹੀ ਜਮਾਤ ਵਿਚ ਬੈਠਣ ਦਿੱਤਾ ਜਾਵੇਗਾ ਜਦ ਤਕ ਉਹ ਸਾਰੇ ਬਕਾਏ ਨਹੀਂ ਤਾਰਦੇ। ਦੂਜੇ ਪਾਸੇ ਸਕੂਲ ਦੀ ਪ੍ਰਿੰਸੀਪਲ ਪਰਵੀਨਾ ਜੌਹਨ ਸਿੰਘ ਨੇ ਦੱਸਿਆ ਕਿ 11ਵੀਂ ਜਮਾਤ ਵਿੱਚ ਦਾਖਲੇ ਤੋਂ ਮਨ੍ਹਾਂ ਫੀਸ ਕਰਕੇ ਨਹੀਂ ਬਲਕਿ ਮੈਰਿਟ ਨਾ ਬਣਨ ਕਰਕੇ ਕੀਤਾ ਗਿਆ ਹੈ। ਇਸ ਜਮਾਤ ’ਚ ਦਾਖਲੇ ਮੈਰਿਟ ਦੇ ਆਧਾਰ ’ਤੇ ਹੀ ਕੀਤੇ ਜਾਣਗੇ। ਇਹ ਜ਼ਰੂਰੀ ਨਹੀਂ ਹੈ ਕਿ ਜੇ ਕਿਸੇ ਵਿਦਿਆਰਥੀ ਨੇ ਉਨ੍ਹਾਂ ਦੇ ਸਕੂਲ ’ਚ ਦਸਵੀਂ ਕੀਤੀ ਹੈ ਤਾਂ ਉਸ ਨੂੰ 11ਵੀਂ ਵਿੱਚ ਦਾਖਲਾ ਦਿੱਤਾ ਜਾਵੇਗਾ।