ਪੱਤਰ ਪ੍ਰੇਰਕ
ਕੁਰਾਲੀ, 19 ਅਗਸਤ
ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਬਿਜਲੀ ਬਿੱਲ ਖ਼ਿਲਾਫ਼ ਲੋਕ ਹਿੱਤ ਮਿਸ਼ਨ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਬਿੱਲ ਦੀਆਂ ਕਾਪੀਆਂ ਸਾੜੀਆਂ ਗਈਆ। ਇਸ ਮੌਕੇ ਆਗੂਆਂ ਨੇ ਕੇਂਦਰ ਖ਼ਿਲਾਫ਼ ਤਿੱਖੇ ਸੰਘਰਸ਼ ਦਾ ਐਲਾਨ ਕਰਦਿਆਂ ਅਜਿਹੇ ਕਿਸਾਨ ਵਿਰੋਧੀ ਮਨਸੂਬੇ ਤਿਆਗਣ ਦੀ ਮੰਗ ਕੀਤੀ। ਟੌਲ ਪਲਾਜ਼ਾ ਬੜੌਦੀ ਵਿਖੇ ਹੋਏ ਇਕੱਠ ਮੌਕੇ ਗੁਰਮੀਤ ਸਿੰਘ ਸ਼ਾਂਟੂ, ਮਨਦੀਪ ਸਿੰਘ, ਰਵਿੰਦਰ ਸਿੰਘ ਵਜੀਦਪੁਰ, ਦਰਸ਼ਨ ਸਿੰਘ ਨਾਗਰਾ, ਤੇ ਗੁਰਬਚਨ ਸਿੰਘ ਮੁੰਧੋਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨੀ ਸੰਘਰਸ਼ ਦੌਰਾਨ ਤਿੰਨ ਬਿੱਲਾਂ ’ਚ ਬਿਜਲੀ ਬਿੱਲ ਨੂੰ ਰੱਦ ਕਰਨ ਦਾ ਭਰੋਸਾ ਦਿੱਤਾ ਸੀ ਪਰ ਕੇਂਦਰ ਨੇ ਭਰੋਸਾ ਤੋੜਕੇ ਇਸ ਮਾਰੂ ਬਿੱਲ ਨੂੰ ਲਾਗੂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਬਿੱਲ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਦੁਕਾਨਦਾਰਾਂ ਲਈ ਨੁਕਸਾਨਦੇਹ ਸਾਬਤ ਹੋਵੇਗਾ। ਇਸ ਲਈ ਜਦੋਂ ਤੱਕ ਇਹ ਬਿੱਲ ਰੱਦ ਨਹੀਂ ਹੁੰਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸੇ ਦੌਰਾਨ ਮਿਸ਼ਨ ਨੇ ਬੜੌਦੀ ਟੋਲ ਪਲਾਜ਼ਾ ਅਧੀਨ 10 ਕਿਲੋਮੀਟਰ ਦਾ ਘੇਰਾ ਫਰੀ ਕਰਨ ਅਤੇ ਕੁਬਾਹੇੜੀ ਵਿਖੇ ਇੱਕ ਐੱਨਆਰਆਈ ਵੱਲੋਂ ਜ਼ਮੀਨ ’ਤੇ ਕਬਜ਼ਾ ਕਰਨ ਖ਼ਿਲਾਫ਼ ਵੀ ਪ੍ਰਸਾਸ਼ਨ ਨੂੰ ਇਨਸਾਫ਼ ਦੀ ਅਪੀਲ ਕਰਦਿਆਂ ਸੰਘਰਸ਼ ਦੀ ਚਿਤਾਵਨੀ ਦਿੱਤੀ।