ਕੁਲਦੀਪ ਸਿੰਘ
ਚੰਡੀਗੜ੍ਹ, 31 ਜੁਲਾਈ
ਪੰਜਾਬ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਤੋਂ ਫੀਸਾਂ ਮੰਗਣ ਸਬੰਧੀ ਜਾਰੀ ਨੋਟਿਸਾਂ ਦੇ ਵਿਰੋਧ ਵਿੱਚ ਅੱਜ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਕਾਰਕੁਨਾਂ ਵੱਲੋਂ ਉਪ-ਕੁਲਪਤੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਦੋਂ ਕਾਫ਼ੀ ਦੇਰ ਤੱਕ ਵਿਦਿਆਰਥੀਆਂ ਦਾ ਮੰਗ ਪੱਤਰ ਲੈਣ ਲਈ ਕੋਈ ਅਧਿਕਾਰੀ ਨਾ ਆਇਆ ਤਾਂ ਉਨ੍ਹਾਂ ਗੇਟ ਟੱਪ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਅਤੇ ਸਕਿਓਰਿਟੀ ਗਾਰਡਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਬਾਅਦ ਵਿੱਚ ਸੜਕ ਉਤੇ ਬੈਠ ਕੇ ਹੀ ਵਿਦਿਆਰਥੀਆਂ ਨੇ ਧਰਨਾ ਦਿੱਤਾ। ਜਥੇਬੰਦੀ ਦੀ ਪੀਯੂ ਇਕਾਈ ਦੇ ਪ੍ਰਧਾਨ ਹਰੀਸ਼ ਗੁੱਜਰ, ਜਤਿਨ ਸਿੰਘ ਨੇ ਦੱਸਿਆ ਕਿ ਪੀਯੂ ਦੇ ਵੱਖ-ਵੱਖ ਵਿਭਾਗਾਂ ਅਤੇ ਖੇਤਰੀ ਕੇਂਦਰਾਂ ਤੋਂ ਵਿਦਿਆਰਥੀਆਂ ਤੋਂ ਆਗਾਮੀ ਸਮੈਸਟਰ ਦੀ ਫੀਸ ਮੰਗੀ ਜਾ ਰਹੀ ਹੈ। ਇਸ ਤੋਂ ਇਲਾਵਾ ਤਾਲ਼ਾਬੰਦੀ ਦੌਰਾਨ ਹੋਸਟਲਾਂ ਦੇ ਕਿਰਾਏ, ਬਿਜਲੀ ਪਾਣੀ ਦੇ ਖਰਚਿਆਂ ਦਾ ਵੀ ਬੋਝ ਵਿਦਿਆਰਥੀਆਂ ਉਤੇ ਪਾਏ ਜਾਣ ਦਾ ਸਮਾਚਾਰ ਹੈ ਜਦਕਿ ਤਾਲ਼ਾਬੰਦੀ ਦੌਰਾਨ ਪੜ੍ਹਾਈ ਬੰਦ ਹੋ ਚੁੱਕੀ ਸੀ ਅਤੇ ਵਿਦਿਆਰਥੀ 6 ਮਾਰਚ ਤੋਂ ਬਾਅਦ ਯੂਨੀਵਰਸਿਟੀ ਨਹੀਂ ਆਏ। ਇਸ ਲਈ ਵਿਦਿਆਰਥੀਆਂ ਨੂੰ ਇਨ੍ਹਾਂ ਖਰਚਿਆਂ ਤੋਂ ਵੀ ਛੂਟ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਪੀ.ਯੂ. ਪ੍ਰਸ਼ਾਸਨ ਤੋਂ ਇਹ ਵੀ ਮੰਗ ਕੀਤੀ ਕਿ ਈ.ਡਬਲਿਯੂ.ਐੱਸ. ਸ਼੍ਰੇਣੀ ਨੂੰ ਟਿਊਸ਼ਨ ਫੀਸ ਅਤੇ ਦਾਖਲਾ ਫੀਸ ਪੂਰੀ ਮੁਆਫ਼ ਕੀਤੀ ਜਾਵੇ, ਫੀਸਾਂ ਜਮ੍ਹਾਂ ਕਰਵਾਉਣ ਦੀਆਂ ਤਾਰੀਖਾਂ ਵਿੱਚ ਵਾਧਾ ਕੀਤਾ ਜਾਵੇ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਡੀ.ਐਸ.ਡਬਲਿਯੂ. (ਲੜਕੀਆਂ) ਨੇ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਵੀਰਵਾਰ ਨੂੰ ਮੀਟਿੰਗ ਵਿੱਚ ਵਿਚਾਰ ਕੀਤਾ ਜਾਵੇਗਾ।