ਮੁਕੇਸ਼ ਕੁਮਾਰ
ਚੰਡੀਗੜ੍ਹ, 30 ਜੁਲਾਈ
ਮੌਨਸੂਨ ਦੌਰਾਨ ਸਿਟੀ ਬਿਊਟੀਫੁਲ ਚੰਡੀਗੜ੍ਹ ’ਚ ਵੱਖ ਵੱਖ ਸਮਾਜਿਕ ਤੇ ਵੱਖ ਵੱਖ ਸੰਸਥਾਵਾਂ ਵੱਲੋਂ ਪੌਦਾ ਰੋਪਣ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਰੱਖਣ ਤੇ ਇਥੋਂ ਦੀ ਹਰਿਆਲੀ ਨੂੰ ਕਾਇਮ ਰੱਖਣ ਲਈ ਇਨ੍ਹਾਂ ਸੰਸਥਾਵਾਂ ਵੱਲੋਂ ਆਪੋ ਆਪਣੇ ਪੱਧਰ ’ਤੇ ਚੰਡੀਗੜ੍ਹ ਨਗਰ ਨਿਗਮ ਨਾਲ ਸਾਂਝੇ ਤੌਰ ’ਤੇ ਪੌਦਾ ਰੋਪਣ ਪ੍ਰੋਗਰਾਮ ਕੀਤੇ ਜਾ ਰਹੇ ਹਨ। ਚੰਡੀਗੜ੍ਹ ਸਥਿਤ ਟੱਚਸਟੋਨ ਐਜੂਕੇਸ਼ਨਲਸ ਸੰਸਥਾ ਵੱਲੋਂ ਅੱਜ ਇੱਥੇ ਸੈਕਟਰ-22 ਸੀ ਦੇ ਇੱਕ ਪਾਰਕ ’ਚ ਪੌਦੇ ਲਗਾਏ ਗਏ। ਇਸ ਮੌਕੇ ਚੰਡੀਗੜ੍ਹ ਦੇ ਮੇਅਰ ਰਵੀ ਕਾਂਤ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੈਕਟਰ 22 ਵਿੱਚ ਇਸ ਮੌਕੇ ਚੰਡੀਗੜ੍ਹ ਪੁਲੀਸ ਵੱਲੋਂ ਸਖਤ ਸੁਰੱਖਿਆ ਇੰਤਜਾਮ ਕੀਤੇ ਗਏ ਸਨ। ਸੈਕਟਰ-17 ਥਾਣੇ ਦੇ ਐੱਸਐੱਚਓ ਰਾਮ ਰਤਨ ਸ਼ਰਮਾ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਮੇਅਰ ਰਵੀ ਕਾਂਤ ਸ਼ਰਮਾ ਦੇ ਰਹਿਣ ਤੱਕ ਉਹ ਹਾਜ਼ਰ ਰਹੇ। ਪੌਦਾ ਰੋਪਣ ਪ੍ਰੋਗਰਾਮ ਦੌਰਾਨ ਟੱਚਸਟੋਨ ਸੰਸਥਾ ਦੇ ਸੀਨੀਅਰ ਅਧਿਕਾਰੀਆਂ ਤੇ ਹੋਰ ਸਟਾਫ ਮੈਂਬਰਾਂ ਨੇ ਲਗਪਗ 100 ਪੌਦੇ ਲਗਾਏ। ਸੰਸਥਾ ਵੱਲੋਂ ਮੌਕੇ ’ਤੇ ਮੌਜੂਦ ਲੋਕਾਂ ਨੂੰ ਬੂਟੇ ਵੰਡ ਕੇ ਸ਼ਹਿਰ ਦੇ ਵਾਤਾਵਰਨ ਨੂੰ ਸ਼ੁੱਧ ਕਰਨ ਤੇ ਸ਼ਹਿਰ ਦੀ ਹਰਿਆਲੀ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੇਅਰ ਰਵੀ ਕਾਂਤ ਸ਼ਰਮਾ ਨੇ ਅੱਜ ਇੱਥੇ ਸੈਕਟਰ-22 ਸੀ ’ਚ ਕੀਤੇ ਜਾ ਰਹੇ ਇਸ ਪੌਦਾ ਰੋਪਣ ਪ੍ਰੋਗਰਾਮ ਦੀ ਪ੍ਰਬੰਧਕ ਟੱਚਸਟੋਨ ਐਜੂਕੇਸ਼ਨਲਸ ਸੰਸਥਾ ਦੀ ਟੀਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿਹਾ ਕਿ ਸ਼ਹਿਰ ਦੇ ਨਾਗਰਿਕਾਂ ਤੇ ਸੰਸਥਾਵਾਂ ਦੇ ਸਹਿਯੋਗ ਤੋਂ ਬਿਨਾਂ ਪ੍ਰਸ਼ਾਸਨ ਆਪਣੇ ਕਾਰਜਾਂ ਨੂੰ ਸਫਲਤਾ ਨਾਲ ਪੂਰਾ ਨਹੀਂ ਕਰ ਸਕਦਾ। ਇਸ ਮੌਕੇ ਟੱਚਸਟੋਨ ਐਜੂਕੇਸ਼ਨਲਸ ਸੰਸਥਾ ਦੇ ਨਿਦੇਸ਼ਕ ਆਸ਼ੂਤੋਸ਼ ਆਨੰਦ ਨੇ ਕਿਹਾ ਦੀ ਸਾਨੂੰ ਸਾਰਿਆਂ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। ਇਸ ਮੌਕੇ ਸੰਸਥਾ ਦੇ ਵੀਪੀ ਵਿਸ਼ਾਲ ਕੱਕੜ ਨੇ ਮੇਅਰ ਰਵੀ ਕਾਂਤ ਸ਼ਰਮਾ ਤੇ ਨਗਰ ਨਿਗਮ ਦੇ ਬਾਗਵਾਨੀ ਵਿਭਾਗ ਦੇ ਐੱਸਈ ਕਿਸ਼ਨਪਾਲ ਸਿੰਘ ਦਾ ਧੰਨਵਾਦ ਕੀਤਾ। ਇਸੇ ਦੌਰਾਨ ਸੈਕਟਰ 22 ਸੀ ’ਚ ਮੇਅਰ ਦੇ ਪ੍ਰੋਗਰਾਮ ਨੂੰ ਲੈ ਕੇ ਕੀਤੇ ਗਏ ਪੁਲੀਸ ਸੁਰੱਖਿਆ ਪ੍ਰਬੰਧਾਂ ਦੌਰਾਨ ਉਥੇ ਨਾਲ ਲੱਗਦੀ ਸੜਕ ’ਤੇ ਗੁਜਰ ਰਹੀ ਇੱਕ ਕਾਰ ’ਚ ‘ਜੈ ਜਵਾਨ, ਜੈ ਕਿਸਾਨ’ ਦੇ ਨਾਅਰੇ ਲਗਾਉਂਦੇ ਹੋਏ ਕੁਝ ਨੌਜਵਾਨ ਗੁਜਰੇ। ਨਾਅਰੇਬਾਜ਼ੀ ਕਰਦੇ ਜਾ ਰਹੇ ਕਾਰ ਸਵਾਰਾਂ ਨੂੰ ਦੇਖ ਕੇ ਪੁਲੀਸ ਦੇ ਹੱਥ ਪੈਰ ਫੁੱਲ ਗਏ। ਜਦੋਂ ਇਥੇ ਪਾਰਕ ਵਿੱਚ ਮੇਅਰ ਵੱਲੋਂ ਪੌਦਾ ਰੋਪਣ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਇਸ ਕਾਰ ’ਚ ਸਵਾਰ ਨੌਜਵਾਨਾਂ ਨੇ ਪ੍ਰੋਗਰਾਮ ਵਾਲੀ ਥਾਂ ਦੇ ਨਾਲ ਦੀ ਸੜਕ ’ਤੇ ਕਾਰ ’ਚ ਨਾਅਰੇਬਾਜ਼ੀ ਕਰਦਿਆਂ ਦੋ ਗੇੜੇ ਮਾਰੇ। ਪਾਰਕ ਦੇ ਚੁਫੇਰੇ ਪੁਲੀਸ ਦੇ ਮੁਲਾਜ਼ਮ ਤਾਇਨਾਤ ਸਨ ਤੇ ਸੜਕ ਦੇ ਕਿਨਾਰੇ ਵੀ ਤਾਇਨਾਤ ਪੁਲੀਸ ਮੁਲਾਜ਼ਮਾਂ ਨੇ ਇਸ ਕਾਰ ’ਤੇ ਨਜ਼ਰ ਰੱਖੀ। ਨਾਅਰੇਬਾਜ਼ੀ ਕਰ ਰਹੇ ਨੌਜਵਾਨਾਂ ਦੀ ਕਾਰ ਦੇ ਉਥੋਂ ਜਾਣ ਮਗਰੋਂ ਪੁਲੀਸ ਮੁਲਾਜ਼ਮਾਂ ਨੇ ਸੁੱਖ ਦਾ ਸਾਹ ਲਿਆ।