ਆਤਿਸ਼ ਗੁਪਤਾ
ਚੰਡੀਗੜ੍ਹ, 9 ਜੂਨ
ਸੋਹਣੇ ਸ਼ਹਿਰ ਚੰਡੀਗੜ੍ਹ ਵਿੱਚ ਵਾਹਨ ਖੜ੍ਹੇ ਕਰਨ ਲਈ ਪੇਸ਼ ਆਉਂਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਯੂਟੀ ਪ੍ਰਸ਼ਾਸਨ ਵੱਲੋਂ ਨਵੀਂ ਪਾਰਕਿੰਗ ਨੀਤੀ ਤਿਆਰ ਕੀਤੀ ਜਾ ਰਹੀ ਹੈ। ਇਸ ਸਬੰਧੀ ਅੱਜ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਧਰਮਪਾਲ ਨੇ ਨਵੀਂ ਪਾਰਕਿੰਗ ਨੀਤੀ ਸਬੰਧੀ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸਲਾਹਕਾਰ ਨੇ ਨਿਗਮ ਕਮਿਸ਼ਨਰ ਨੂੰ ਭੀੜ-ਭੜੱਕੇ ਵਾਲੀਆਂ ਪਾਰਕਿੰਗਾਂ ਨੂੰ ਡਿਜੀਟਲਾਈਜ਼ ਕਰਨ ਲਈ ਆਰਐੱਫਪੀ ਸਮਾਰਟ ਪਾਰਕਿੰਗ ਨੂੰ ਲਾਗੂ ਕਰਨ ਦੀ ਗੱਲ ਵੀ ਆਖੀ।
ਸਲਾਹਕਾਰ ਨੇ ਕਿਹਾ ਕਿ ਸਿਟੀ ਬਿਊਟੀਫੁੱਲ ਵਿੱਚ ਕਾਰਾਂ ਦੀ ਗਿਣਤੀ ਨਿੱਤ ਵਧਦੀ ਜਾ ਰਹੀ ਹੈ ਜੋ ਕਿ ਸ਼ਹਿਰ ਦੀਆਂ ਸੜਕਾਂ ’ਤੇ ਭੀੜ-ਭੜੱਕੇ ਦਾ ਕਾਰਨ ਬਣਦੀ ਹੈ। ਇਸੇ ਕਰਕੇ ਸ਼ਹਿਰ ਵਾਸੀਆਂ ਨੂੰ ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਖੇਤਰਾਂ ਵਿੱਚ ਵਾਹਨ ਖੜ੍ਹਾਉਣ ਲਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਲਾਹਕਾਰ ਨੇ ਸ਼ਹਿਰ ਵਿੱਚ ਅਜਿਹੇ ਹਾਲਾਤ ਨੂੰ ਦੇਖਦੇ ਹੋਏ ਸਾਲ 2020 ਵਿੱਚ ਲਾਗੂ ਕੀਤੀ ਪਾਰਕਿੰਗ ਨੀਤੀ ਨੂੰ ਨੋਟੀਫਾਈ ਕਰ ਦਿੱਤਾ ਹੈ।
ਇਸ ਨੀਤੀ ਦਾ ਉਦੇਸ਼ ਸ਼ਹਿਰ ਵਿੱਚ ਪਾਰਕਿੰਗ ਦੀ ਸਮੱਸਿਆ ਨੂੰ ਘਟਾਉਣਾ ਅਤੇ ਉਸ ਦਾ ਸਹੀ ਹੱਲ ਕੱਢਣਾ ਸੀ। ਇਹ ਪਾਲਸੀ ਸੀਮਿਤ ਸਾਧਨਾਂ ਦੀ ਦੁਰਵਰਤੋਂ ਨੂੰ ਰੋਕਣ, ਪੈਦਲ ਚੱਲਣ ਵਾਲਿਆਂ ਦੇ ਰਾਹ ਦੇ ਅਧਿਕਾਰ ਨੂੰ ਮੁੜ ਪ੍ਰਾਪਤ ਕਰਨ ’ਤੇ ਕੇਂਦਰਿਤ ਹੈ ਜਦੋਂ ਕਿ ਪ੍ਰਸ਼ਾਸਨ ਦਾ ਮੁੱਖ ਮਕਸਦ ਇਕ ਵਧੀਆ ਪਾਰਕਿੰਗ ਨੀਤੀ ਤਿਆਰ ਕਰਨਾ ਹੈ।
ਸ੍ਰੀ ਧਰਮਪਾਲ ਨੇ ਅਧਿਕਾਰੀਆਂ ਨੂੰ ਨਵੀਂ ਪਾਰਕਿੰਗ ਨੀਤੀ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦੇ ਢੁਕਵੇਂ ਤਰੀਕਿਆਂ ਦੀ ਖੋਜ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪਾਰਕਿੰਗ ਨੀਤੀ ਲਈ ਖੋਜ ਦੀ ਸ਼ੁਰੂਆਤ ਸੈਕਟਰ 35, 22 ਅਤੇ 15 ਵਰਗੇ ਭੀੜ ਵਾਲੇ ਸੈਕਟਰਾਂ ਤੋਂ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੇ ਸ਼ਹਿਰ ਵਿੱਚ ਕਮਿਊਨਿਟੀ ਪਾਰਕਿੰਗ ਨੂੰ ਸ਼ੁਰੂ ਕਰਨ ’ਤੇ ਜ਼ੋਰ ਦਿੱਤਾ, ਜਿਸ ਨਾਲ ਬਾਅਦ ਦੁਪਹਿਰ ਸਕੂਲਾਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਦੀ ਪਾਰਕਿੰਗ ਦੀ ਵਰਤੋਂ ਵਾਹਨ ਖੜ੍ਹੇ ਕਰਨ ਲਈ ਕੀਤੀ ਜਾ ਸਕਦੀ ਹੈ।
ਸਲਾਹਕਾਰ ਨੇ ਨਿਗਮ ਕਮਿਸ਼ਨਰ ਨੂੰ ਭੀੜ-ਭੜੱਕੇ ਵਾਲੀਆਂ ਪਾਰਕਿੰਗਾਂ ਨੂੰ ਡਿਜੀਟਲਾਈਜ਼ ਕਰਨ ਲਈ ਆਰਐੱਫਪੀ ਸਮਾਰਟ ਪਾਰਕਿੰਗ ਨੂੰ ਲਾਗੂ ਕਰਨ ਦੀ ਗੱਲ ਆਖੀ ਤਾਂ ਜੋ ਲੋਕ ਵਾਹਨ ਖੜ੍ਹਾਉਣ ਲਈ ਉਡੀਕ ਕਰਨ ਦੀ ਥਾਂ ਪਾਰਕਿੰਗ ਲਈ ਸਲਾਟ ਬੁੱਕ ਕਰ ਸਕਣ। ਸ੍ਰੀ ਧਰਮਪਾਲ ਨੇ ਕਿਹਾ ਕਿ ਸ਼ਹਿਰ ਵਿੱਚ ਲਗਾਤਾਰ ਵਧ ਰਹੀ ਵਾਹਨਾਂ ਦੀ ਗਿਣਤੀ ਨੂੰ ਵੇਖਦਿਆਂ ਯੂਟੀ ਪ੍ਰਸ਼ਾਸਨ ਵੱਲੋਂ ਲਾਹੇਵੰਦ ਪਾਰਕਿੰਗ ਪਾਲਿਸੀ ਤਿਆਰ ਕੀਤੀ ਜਾ ਰਹੀ ਹੈ, ਜਿਸ ਨਾਲ ਲੋਕਾਂ ਨੂੰ ਸ਼ਹਿਰ ਦੇ ਕਿਸੇ ਵੀ ਕੋਣੇ ਵਿੱਚ ਵਾਹਨ ਖੜ੍ਹਾਉਣ ਲਈ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ।
ਮੀਟਿੰਗ ਵਿੱਚ ਹਾਜ਼ਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਪ੍ਰਸ਼ਾਸਕ ਦੇ ਸਲਾਹਕਾਰ ਨੂੰ ਭਰੋਸਾ ਦਿਵਾਇਆ ਕਿ ਭੀੜ-ਭੜੱਕੇ ਵਾਲੀਆਂ ਪਾਰਕਿੰਗਾਂ ਨੂੰ ਡਿਜੀਟਲਾਈਜ਼ ਕਰਨ ਲਈ ਆਰਐੱਫਪੀ ਸਮਾਰਟ ਪਾਰਕਿੰਗ ਨੂੰ ਲਾਗੂ ਕਰਨ ਲਈ ਜਲਦੀ ਉਪਰਾਲੇ ਕੀਤੇ ਜਾਣਗੇ। ਇਸ ਮੀਟਿੰਗ ਵਿੱਚ ਪੁਲੀਸ, ਪ੍ਰਸ਼ਾਸਨ ਤੇ ਨਗਰ ਨਿਗਮ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਵਾਰਡਾਂ ਦੇ ਮਸਲਿਆਂ ਨੂੰ ਲੈ ਕੇ ਸਲਾਹਕਾਰ ਨੂੰ ਮਿਲੇ ਨਿਗਮ ਕੌਂਸਲਰ
ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਚੰਡੀਗੜ੍ਹ ਵਿੱਚ ਵਿਕਾਸ ਕਾਰਜਾਂ ਅਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਨਗਰ ਨਿਗਮ ਦੇ ਕੌਂਸਲਰਾਂ ਵੱਲੋਂ ਮੇਅਰ ਸਰਬਜੀਤ ਕੌਰ ਢਿੱਲੋਂ ਦੀ ਅਗਵਾਈ ਹੇਠ ਅੱਜ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨਾਲ ਮੀਟਿੰਗ ਕੀਤੀ ਗਈ। ਇਸ ਵਫ਼ਦ ਵਿੱਚ ਸ਼ਾਮਲ ਸ਼ਹਿਰ ਦੇ ਵਾਰਡ ਨੰਬਰ 1 ਤੋਂ 9 ਤੱਕ ਦੇ ਕੌਂਸਲਰਾਂ ਨੇ ਆਪੋ-ਆਪਣੇ ਇਲਾਕਿਆਂ ਦੀਆਂ ਸਮੱਸਿਆਵਾਂ ਅਤੇ ਵਾਰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਪ੍ਰਸ਼ਾਸਕ ਦੇ ਸਲਾਹਕਾਰ ਨਾਲ ਚਰਚਾ ਕੀਤੀ। ਮੀਟਿੰਗ ਦੌਰਾਨ ਚੰਡੀਗੜ੍ਹ ਦੇ ਦਾਖ਼ਲਾ ਪੁਆਇੰਟਾਂ ਦਾ ਸੁੰਦਰੀਕਰਨ, ਸੜਕਾਂ ਦੀ ਮੁੜ-ਕਾਰਪੇਟਿੰਗ ਅਤੇ ਸਾਂਭ-ਸੰਭਾਲ, ਸ਼ਹਿਰ ਵਿੱਚ ਸੁਰੱਖਿਆ ਵਿਵਸਥਾ ਦੇ ਮਸਲਿਆਂ ਨੂੰ ਲੈ ਕੇ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਕਲੋਨੀਆਂ ਵਿੱਚ ਬੱਚਿਆਂ ਲਈ ਖੇਡ ਮੈਦਾਨਾਂ ਦੀ ਤਜਵੀਜ਼ ਵੀ ਰੱਖੀ ਗਈ, ਜਿਸ ’ਤੇ ਸਲਾਹਕਾਰ ਨੇ ਜਲਦੀ ਤੋਂ ਜਲਦੀ ਕਦਮ ਉਠਾਉਣ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਸੈਕਟਰ 7, 8, 9, 10 ਅਤੇ 26 ਵਿੱਚ ਖੁੱਲ੍ਹੇ ਵਿੱਚ ਜਾਂ ਪਾਰਕਿੰਗ ਵਿੱਚ ਖੜ੍ਹੇ ਵਾਹਨਾਂ ਵਿੱਚ ਸ਼ਰਾਬ ਪੀਣ ਬਾਰੇ ਕੌਂਸਲਰਾਂ ਵੱਲੋਂ ਕੀਤੀ ਗਈ ਸ਼ਿਕਾਇਤ ਨੂੰ ਵੀ ਸਲਾਹਕਾਰ ਧਰਮਪਾਲ ਨੇ ਗੰਭੀਰਤਾ ਨਾਲ ਲੈਂਦਿਆਂ ਪੁਲੀਸ ਨੂੰ ਹਦਾਇਤ ਕੀਤੀ ਕਿ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਕੌਂਸਲਰਾਂ ਨੇ ਇੱਕ ਵਾਰਡ ਵਿੱਚ ਘੱਟੋ-ਘੱਟ ਇੱਕ ਕਮਿਊਨਿਟੀ ਸੈਂਟਰ ਬਣਾਉਣ ਦਾ ਸੁਝਾਅ ਵੀ ਦਿੱਤਾ। ਇਸ ’ਤੇ ਸਲਾਹਕਾਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪੀਪੀਪੀ ਮਾਡਲ ’ਤੇ ਇਨ੍ਹਾਂ ਖੇਤਰਾਂ ਵਿੱਚ ਕਮਿਊਨਿਟੀ ਸੈਂਟਰ ਸਥਾਪਤ ਕਰਨ ਲਈ ਰੂਪ-ਰੇਖਾ ਤਿਆਰ ਕਰਨ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਬਿਜਲੀ ਦੀਆਂ ਲਟਕਦੀਆਂ ਅਤੇ ਢਿੱਲੀਆਂ ਤਾਰਾਂ ਦਾ ਮਾਮਲਾ ਵੀ ਸਲਾਹਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ। ਮੀਟਿੰਗ ਦੌਰਾਨ ਮਨੀਮਾਜਰਾ, ਮੌਲੀ ਜਗਰਾਂ ਅਤੇ ਹੋਰ ਖੇਤਰਾਂ ਵਿੱਚ ਪਾਰਕਾਂ ਵਿੱਚ ਵਾਹਨ ਪਾਰਕਿੰਗ ਦਾ ਵਧ ਰਿਹਾ ਮੁੱਦਾ ਵੀ ਸਲਾਹਕਾਰ ਅੱਗੇ ਰੱਖਿਆ ਗਿਆ। ਉਨ੍ਹਾਂ ਪੁਲੀਸ ਨੂੰ ਅਜਿਹੇ ਸਾਰੇ ਅਣਅਧਿਕਾਰਤ ਵਾਹਨਾਂ ਨੂੰ ਜ਼ਬਤ ਕਰਨ ਅਤੇ ਭਵਿੱਖ ਵਿੱਚ ਅਜਿਹੀ ਉਲੰਘਣਾ ਨੂੰ ਬਰਦਾਸ਼ਤ ਨਾ ਕਰਨ ਦੇ ਨਿਰਦੇਸ਼ ਦਿੱਤੇ। ਸੈਕਟਰ 7 ਅਤੇ 8 ਵਿੱਚ ਬਾਂਦਰਾਂ ਦੀ ਸਮੱਸਿਆ, ਸੈਕਟਰ 26 ਦੀ ਅਨਾਜ ਮੰਡੀ ਨੂੰ ਸੈਕਟਰ 39 ਵਿੱਚ ਤਬਦੀਲ ਕਰਨ ਆਦਿ ਬਾਰੇ ਵੀ ਅਧਿਕਾਰੀਆਂ ਨਾਲ ਚਰਚਾ ਕੀਤੀ ਗਈ। ਸਲਾਹਕਾਰ ਨੇ ਕੌਂਸਲਰਾਂ ਨੂੰ ਉਨ੍ਹਾਂ ਦੀਆਂ ਮੰਗਾਂ ਜਲਦੀ ਪੂਰੀਆਂ ਕਰਨ ਦਾ ਭਰੋਸਾ ਦਿਵਾਇਆ ਅਤੇ ਸਬੰਧਤ ਵਿਭਾਗਾਂ ਨੂੰ ਸਮਾਂ ਸੀਮਾ ਤੋਂ ਬਾਅਦ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਸਾਰੇ ਕੌਂਸਲਰਾਂ ਨੇ ਉਨ੍ਹਾਂ ਨਾਲ ਮੀਟਿੰਗ ਕਰਨ ਲਈ ਪ੍ਰਸ਼ਾਸਕ ਦੇ ਸਲਾਹਕਾਰ ਦਾ ਧੰਨਵਾਦ ਕੀਤਾ ਅਤੇ ਉਮੀਦ ਪ੍ਰਗਟਾਈ ਕਿ ਉਨ੍ਹਾਂ ਦੇ ਮਸਲੇ ਜਲਦੀ ਹੱਲ ਕੀਤੇ ਜਾਣਗੇ।। ਮੀਟਿੰਗ ’ਚ ਚੰਡੀਗੜ੍ਹ ਦੇ ਗ੍ਰਹਿ ਸਕੱਤਰ ਨਿਤਿਨ ਕੁਮਾਰ ਯਾਦਵ, ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ, ਜੰਗਲਾਤ ਵਿਭਾਗ ਦੇ ਚੀਫ ਕੰਜ਼ਰਵੇਟਰ ਦੇਬੇਂਦਰ ਦਲਾਈ, ਸਿਹਤ ਸਕੱਤਰ ਯਸ਼ਪਾਲ ਗਰਗ, ਐੱਸਐੱਸਪੀ ਕੁਲਦੀਪ ਸਿੰਘ ਚਾਹਲ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।