ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਫਰਵਰੀ
ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਦੀ ਮਦਦ ਲਈ ਯੂਟੀ ਪ੍ਰਸ਼ਾਸਨ ਵੀ ਅੱਗੇ ਆ ਗਿਆ ਹੈ। ਪ੍ਰਸ਼ਾਸਨ ਨੇ ਉਥੇ ਫਸੇ ਚੰਡੀਗੜ੍ਹੀਆਂ ਦੀ ਜਾਣਕਾਰੀ ਹਾਸਲ ਕਰਨ ਲਈ ਹੈਲਪਲਾਈਨ ਨੰਬਰ-112 ਜਾਰੀ ਕੀਤਾ ਹੈ, ਤਾਂ ਜੋ ਵਿਦਿਆਰਥੀ ਦੀ ਜਾਣਕਾਰੀ ਕੇਂਦਰ ਸਰਕਾਰ ਨੂੰ ਮੁਹੱਈਆ ਕਰਵਾਈ ਜਾ ਸਕੇ। ਅਜਿਹੇ ਕਦਮ ਹੋਰਨਾਂ ਇਲਾਕਿਆਂ ਵਿੱਚ ਵੀ ਚੁੱਕੇ ਗਏ ਹਨ। ਇਸੇ ਦੌਰਾਨ ਅੱਜ ਚੰਡੀਗੜ੍ਹ ਦੇ ਸੈਕਟਰ 8 ਸਥਿਤ ਗੁਰਦੁਆਰੇ ਵਿੱਚ ਕੁਝ ਵਿਦਿਆਰਥੀਆਂ ਦੇ ਮਾਪਿਆਂ ਨੇ ਉਥੇ ਫਸੇ ਲੋਕਾਂ ਲਈ ਅਰਦਾਸ ਕੀਤੀ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਕਿਹਾ ਕਿ ਯੂਕਰੇਨ ਵਿੱਚ ਫਸੇ ਚੰਡੀਗੜ੍ਹੀਆਂ ਦੇ ਪਰਿਵਾਰਕ ਮੈਂਬਰ ਇਸ ਹੈਲਪਲਾਈਨ ਨੰਬਰ ’ਤੇ 24 ਘੰਟੇ ਜਾਣਕਾਰੀ ਸਾਂਝੀ ਕਰ ਸਕਦੇ ਹਨ।
ਕੁਰਾਲੀ(ਪੱਤਰ ਪ੍ਰ੍ਰੇਰਕ): ਡਾਕਟਰੀ ਦੀ ਪੜ੍ਹਾਈ ਕਰਨ ਗਿਆ ਸ਼ਹਿਰ ਦਾ ਨੌਜਵਾਨ ਕੇਸ਼ਵ ਸਿੰਗਲਾ ਵੀ ਯੂਕਰੇਨ ਵਿੱਚ ਸਾਥੀਆਂ ਸਮੇਤ ਫਸਿਆ ਹੋਇਆ ਹੈ। ਐਮਬੀਬੀਐਸ ਦੇ ਆਖਰੀ ਸਾਲ ਦੀ ਪੜ੍ਹਾਈ ਕਰ ਰਹੇ ਕੇਸ਼ਵ ਦੇ ਮਾਪੇ ਡਾਢੀ ਚਿੰਤਾ ਵਿੱਚ ਹਨ। ਯੂਨੀਵਰਸਿਟੀ ਦੀਆਂ ਸ਼ਰਤਾਂ ਕਾਰਨ ਉਹ ਇਸ ਸੰਕਟ ਦੇ ਸਮੇਂ ਵੀ ਦੇਸ਼ ਪਰਤਣ ਤੋਂ ਅਸਮਰੱਥ ਹੈ। ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਉਨ੍ਹਾਂ ਦੇ ਬੱਚਿਆਂ ਨੂੰ ਸੁਰੱਖਿਅਤ ਭਾਰਤ ਲਿਆਉਣ ਲਈ ਜਲਦੀ ਤੋਂ ਜਲਦੀ ਠੋਸ ਉਪਰਾਲੇ ਕਰਨ ਦੀ ਮੰਗ ਕੀਤੀ ਹੈ।
ਰੂਪਨਗਰ(ਪੱਤਰ ਪ੍ਰੇਰਕ): ਜ਼ਿਲ੍ਹਾ ਪ੍ਰਸ਼ਾਸਨ ਨੇ ਯੂਕਰੇਨ ਵਿੱਚ ਫਸੇ ਪੰਜਾਬ ਦੇ ਲੋਕਾਂ ਦੀ ਮਦਦ ਲਈ 24×7 ਕੰਟਰੋਲ ਰੂਮ ਸਥਾਪਤ ਕੀਤਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਯੂਕਰੇਨ ਵਿੱਚ ਫਸੇ ਵਿਅਕਤੀ ਜਾਂ ਉਨ੍ਹਾਂ ਦੇ ਪੰਜਾਬ ਵਿੱਚ ਰਹਿੰਦੇ ਰਿਸ਼ਤੇਦਾਰ ਹੈਲਪਲਾਈਨ ਨੰਬਰ +91-1800 180 3469 ’ਤੇ ਯੂਕਰੇਨ ਵਿੱਚ ਫਸੇ ਵਿਅਕਤੀ ਬਾਰੇ ਜਾਣਕਾਰੀ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਵੀ +91-172-4111905 ਵੀ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ।
ਲਾਲੜੂ(ਪੱਤਰ ਪ੍ਰੇਰਕ): ਇਥੋਂ ਦਾ ਨੌਜਵਾਨ ਵਿਨੈ ਗੌੜ ਯੂਕਰੇਨ ਵਿੱਚ ਮੈਡੀਕਲ ਦੀ ਪੜ੍ਹਾਈ ਲਈ ਗਿਆ ਹੋਇਆ ਹੈ। ਉਸ ਨੇ ਆਪਣੇ ਮਾਪਿਆਂ ਨੂੰ ਦੱਸਿਆ ਕਿ ਚਾਰੇ ਪਾਸੇ ਬੰਬ ਧਮਾਕਿਆਂ ਦੀ ਆਵਾਜ਼ ਨਾਲ ਡਰ ਤੇ ਸਹਿਮ ਦਾ ਮਹੌਲ ਬਣਿਆ ਹੋਇਆ ਹੈ। ਉਸ ਦੇ ਮਾਪਿਆਂ ਨੇ ਦੱਸਿਆ ਕਿ ਪੁੱਤਰ ਵੱਲੋਂ ਹਾਲਾਤ ਦੱਸੇ ਜਾਣ ਬਾਰੇ ਉਨ੍ਹਾਂ ਦੀ ਚਿੰਤਾ ਵਧ ਗਈ ਹੈ।
ਸ੍ਰੀ ਆਨੰਦਪੁਰ ਸਾਹਿਬ(ਪੱਤਰ ਪ੍ਰੇਰਕ): ਯੂਕਰੇਨ ਵਿੱਚ ਫਸੇ ਪੰਜਾਬ ਦੇ ਵਿਦਿਆਰਥੀਆਂ ’ਚ ਸ੍ਰੀ ਅਨੰਦਪੁਰ ਸਾਹਿਬ ਦੀ 18 ਸਾਲਾ ਮਿਲਨਜੋਤ ਕੌਰ ਵੀ ਸ਼ਾਮਲ ਹੈ। ਮਿਲਨਜੋਤ ਕੌਰ ਦੇ ਪਿਤਾ ਐਡਵੋਕੇਟ ਰਵਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਹਾਲਾਤ ਨੇ ਉਨ੍ਹਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਉਨ੍ਹਾਂ ਦੇ ਜਿਗਰ ਦੇ ਟੁਕੜਿਆਂ ਨੂੰ ਸਹੀ ਸਲਾਮਤ ਉਨ੍ਹਾਂ ਤੱਕ ਪਹੁੰਚਾਉਣ ਲਈ ਵੱਡੇ ਪੱਧਰ ’ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਜਦੋਂ ਤਕ ਉਨ੍ਹਾਂ ਦੇ ਬੱਚੇ ਉਨ੍ਹਾਂ ਕੋਲ ਨਹੀਂ ਪਹੁੰਚਦੇ, ਉਦੋਂ ਤੱਕ ਉਨ੍ਹਾਂ ਦੇ ਮਨ ਨੂੰ ਤਸੱਲੀ ਨਹੀਂ ਹੋ ਰਹੀ।