ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 5 ਜੂਨ
ਪੰਜਾਬ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਜਲੀ ਚੋਰੀ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਪਾਵਰਕੌਮ ਨੇ ਵੱਖ-ਵੱਖ ਹਿੱਸਿਆਂ ਵਿੱਚ ਛਾਪੇ ਮਾਰ ਕੇ ਬਿਜਲੀ ਚੋਰੀ ਅਤੇ ਅਣ-ਅਧਿਕਾਰਤ ਵਰਤੋਂ ਦੇ ਦੋਸ਼ ਹੇਠ 92 ਖ਼ਪਤਕਾਰਾਂ ਨੂੰ 59.11 ਲੱਖ ਰੁਪਏ ਜੁਰਮਾਨਾ ਲਗਾਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਾਵਰਕੌਮ ਦੀਆਂ ਟੀਮਾਂ ਨੇ ਮੁਹਾਲੀ, ਜ਼ੀਰਕਪੁਰ ਅਤੇ ਬਨੂੜ ਅਧੀਨ ਪੈਂਦੇ ਪਿੰਡ ਕੰਡਾਲਾ, ਨਾਰਾਇਣਗੜ੍ਹ, ਢਕੌਲੀ ਤੇ ਥੂਹਾ ਸਮੇਤ ਵੱਖ-ਵੱਖ ਪਿੰਡਾਂ ਵਿੱਚ ਅਚਨਚੇਤ ਛਾਪੇ ਮਾਰੇ ਅਤੇ ਬਿਜਲੀ ਚੋਰੀ ਦੇ 16 ਕੇਸ ਦਰਜ ਕੀਤੇ ਗਏ ਜਦੋਂਕਿ ਇਸ ਦੌਰਾਨ ਬਿਜਲੀ ਦੀ ਅਣ-ਅਧਿਕਾਰਤ ਵਰਤੋਂ ਦੇ ਚਾਰ ਕੇਸ ਵੀ ਮਿਲੇ ਹਨ ਅਤੇ ਉਲੰਘਣਾ ਕਰਨ ਵਾਲੇ ਅਜਿਹੇ ਖ਼ਪਤਕਾਰਾਂ ਨੂੰ 16.67 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ।
ਮੁਹਾਲੀ ਡਿਵੀਜ਼ਨ ਦੇ ਪਿੰਡ ਝਾਮਪੁਰ ਅਤੇ ਸੈਕਟਰ-123 ਵਿੱਚ ਬਿਜਲੀ ਚੋਰੀ ਅਤੇ ਅਣ-ਅਧਿਕਾਰਤ ਵਰਤੋਂ ਦੇ 29 ਕੇਸ ਦਰਜ ਕੀਤੇ ਗਏ ਅਤੇ ਨਾਲ ਹੀ 21.44 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। ਕਈ ਥਾਵਾਂ ’ਤੇ ਬਿਜਲੀ ਦੇ ਮੀਟਰ ਸ਼ੱਕੀ ਪਾਏ ਗਏ ਹਨ, ਜਿਨ੍ਹਾਂ ਨੂੰ ਮੌਕੇ ’ਤੇ ਹੀ ਸੀਲ ਕਰ ਦਿੱਤਾ ਗਿਆ ਅਤੇ ਇਨ੍ਹਾਂ ਸ਼ੱਕੀ ਮੀਟਰਾਂ ਨੂੰ ਜਾਂਚ ਲਈ ਲੈਬ ਵਿੱਚ ਭੇਜਿਆ ਗਿਆ ਹੈ। ਲਾਲੜੂ ਡਿਵੀਜ਼ਨ ਅਧੀਨ ਪੈਂਦੇ ਪਿੰਡ ਸਰਸੀਣੀ, ਤੋਗਾਪੁਰ, ਲਾਲੜੂ, ਲਾਲੜੂ ਮੰਡੀ ਅਤੇ ਧੰਗੇੜਾ ਵਿੱਚ ਵੀ ਚੈਕਿੰਗ ਦੌਰਾਨ ਬਿਜਲੀ ਚੋਰੀ ਦੇ 19 ਅਤੇ ਅਣਅਧਿਕਾਰਤ ਬਿਜਲੀ ਦੀ ਵਰਤੋਂ ਦੇ 24 ਕੇਸ ਦਰਜ ਕੀਤੇ ਗਏ ਅਤੇ ਪਾਵਰਕੌਮ ਨੇ ਇਨ੍ਹਾਂ ਖਪਤਕਾਰਾਂ ਨੂੰ 21 ਲੱਖ ਰੁਪਏ ਜੁਰਮਾਨਾ ਕੀਤਾ ਹੈ।
ਉੱਧਰ, ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਿਜਲੀ ਚੋਰੀ ਨੂੰ ਠੱਲ੍ਹ ਪਾਉਣ ਲਈ ਵਚਨਬੱਧ ਹੈ ਅਤੇ ਪਾਵਰਕੌਮ ਨੂੰ ਦਾਗੀ ਖ਼ਪਤਕਾਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਐਨਫੋਰਸਮੈਂਟ ਅਤੇ ਡਿਸਟ੍ਰੀਬਿਊਸ਼ਨ ਵਿੰਗ ਦੀਆਂ ਟੀਮਾਂ ਵੱਲੋਂ ਸਾਰੇ ਜ਼ੋਨਾਂ ਵਿੱਚ ਨਿਰੰਤਰ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਬਿਜਲੀ ਚੋਰੀ ਕਰਨ ਵਾਲੇ ਖ਼ਪਤਕਾਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਤੋਂ ਇਲਾਵਾ ਭਾਰੀ ਜੁਰਮਾਨੇ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ। ਮੰਤਰੀ ਨੇ ਸਮੂਹ ਖ਼ਪਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਬਿਜਲੀ ਚੋਰੀ ਰੋਕਣ ਲਈ ਅੱਗੇ ਆਉਣ। ਖ਼ਪਤਕਾਰ ਵੱਟਸਐਪ ਨੰਬਰ 96461-75770 ’ਤੇ ਜਾਣਕਾਰੀ ਦੇ ਕੇ ਬਿਜਲੀ ਚੋਰੀ ਵਿਰੁੱਧ ਮੁਹਿੰਮ ਵਿੱਚ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਸ਼ਿਕਾਇਤਕਰਤਾ ਦੀ ਪਛਾਣ ਗੁਪਤ ਰੱਖੀ ਜਾਵੇਗੀ।