ਪੱਤਰ ਪ੍ਰੇਰਕ
ਚੰਡੀਗੜ੍ਹ, 31 ਅਗਸਤ
ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਾਲੇ ਵਿਦਿਆਰਥੀਆਂ ਦੀਆਂ ਰੋਕੀਆਂ ਹੋਈਆਂ ਡਿਗਰੀਆਂ ਜਾਰੀ ਕਰਵਾਉਣ, ਹੋਸਟਲ ਅਲਾਟਮੈਂਟ ਵਿੱਚ ਅਤੇ ਵੱਖ-ਵੱਖ ਕੋਰਸਾਂ ਦੇ ਦਾਖਲਿਆਂ ਵਿੱਚ ਰਾਖਵੇਂਕਰਨ ਨੂੰ ਸਹੀ ਢੰਗ ਨਾਲ ਲਾਗੂ ਕਰਵਾਉਣ ਸਮੇਤ ਕਈ ਮੰਗਾਂ ਨੂੰ ਲੈ ਕੇ ਅੱਜ ਅੰਬੇਡਕਰ ਸੰਯੁਕਤ ਮੋਰਚਾ ਦੇ ਬੈਨਰ ਹੇਠ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਰੋਸ ਪ੍ਰਦਰਸ਼ਨ ਕੀਤਾ। ਵਾਈਸ ਚਾਂਸਲਰ ਦਫ਼ਤਰ ਤੋਂ ਸ਼ੁਰੂ ਹੋਇਆ ਇਹ ਰੋਸ ਪ੍ਰਦਰਸ਼ਨ ਪਹਿਲਾਂ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਪਹੁੰਚਿਆ ਪ੍ਰੰਤੂ ਘਰ ਵਿੱਚ ਵੀ ਉਨ੍ਹਾਂ ਨਾਲ ਮੁਲਾਕਾਤ ਨਾ ਹੋਣ ਉਪਰੰਤ ਸਟੂਡੈਂਟ ਸੈਂਟਰ ਜਾ ਕੇ ਸਮਾਪਤ ਕੀਤਾ ਗਿਆ।
ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪ੍ਰੋ. ਮਨਜੀਤ ਸਿੰਘ, ਡਾ. ਪਿਆਰੇ ਲਾਲ ਗਰਗ, ਗਿੰਨੀ ਮਾਹੀ, ਮੈਡਮ ਗੁਰਦੀਪ ਕੌਰ, ਗੁਰਮੁਖ ਸਿੰਘ ਢੋਲਣਮਾਜਰਾ, ਲਖਬੀਰ ਸਿੰਘ ਵਡਾਲਾ, ਪੱਤਰਕਾਰ ਦੀਪਕ ਸ਼ਰਮਾ ਚਨਾਰਥਲ, ਸ਼ੰਕਰਜੀ ਰਾਓ, ਪੰਜਾਬੀ ਅਦਾਕਾਰਾ ਸੋਨੀਆ ਮਾਨ ਆਦਿ ਨੇ ਕਿਹਾ ਕਿ ਵਿਸ਼ਵ ਪ੍ਰਸਿੱਧ ਇਸ ਪੰਜਾਬ ਯੂਨੀਵਰਸਿਟੀ ਦੀ ਮੌਜੂਦਾ ਅਥਾਰਿਟੀ ਹਰ ਵਰਗ ਦੇ ਵਿਦਿਆਰਥੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਾਲੇ ਵਿਦਿਆਰਥੀਆਂ ਦੀਆਂ ਡਿਗਰੀਆਂ ਰੋਕ ਕੇ ਗਰੀਬ ਵਰਗ ਦੇ ਬੱਚਿਆਂ ਨੂੰ ਉਚੇਰੀ ਪੜ੍ਹਾਈ ਤੋਂ ਦੂਰ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਜਾਇਜ਼ ਮੰਗਾਂ ਬਾਰੇ ਵਿਦਿਆਰਥੀ ਜਥੇਬੰਦੀਆਂ ਨਾਲ ਗੱਲਬਾਤ ਕਰਨ ਦੀ ਬਜਾਇ ਵਾਈਸ ਚਾਂਸਲਰ ਲੁਕਦੇ ਫਿਰ ਰਹੇ ਹਨ ਅਤੇ ਵੱਡੇ-ਵੱਡੇ ਬੈਰੀਕੇਡ ਲਗਾ ਕੇ ਪੀ.ਯੂ. ਨੂੰ ਜੇਲ੍ਹ ਬਣਾਇਆ ਹੋਇਆ ਹੈ।
ਬੁਲਾਰਿਆਂ ਨੇ ਅਥਾਰਿਟੀ ਨੂੰ ਤਾੜਨਾ ਕਰਦਿਆਂ ਕਿਹਾ ਕਿ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਦੇ ਮੰਗ ਪੱਤਰ ਮੁਤਾਬਕ ਉਨ੍ਹਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਅਤੇ ਜੇਕਰ ਵਾਈਸ ਚਾਂਸਲਰ ਕਿਸੇ ਵੱਡੇ ਸੰਘਰਸ਼ ਤੋਂ ਬਚਣਾ ਚਾਹੁੰਦੇ ਹਨ ਤਾਂ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਮੀਟਿੰਗ ਰੱਖ ਕੇ ਗੱਲਬਾਤ ਕਰਨ। ਰੋਸ ਪ੍ਰਦਰਸ਼ਨ ਵਿੱਚ ਭੀਮ ਆਰਮੀ, ਅੰਬੇਡਕਰ ਸਾਂਝਾ ਮੋਰਚਾ, ਪੀ.ਜੀ.ਆਈ. ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ, ਸੈਕਟਰ 30 ਗੁਰਦੁਆਰਾ ਰਵਿਦਾਸ ਪ੍ਰਬੰਧਕ ਕਮੇਟੀ, ਬਾਮਸੇਫ਼ ਦੇ ਅਹੁਦੇਦਾਰਾਂ ਸਮੇਤ ਵਿਦਿਆਰਥੀ ਜਥੇਬੰਦੀਆਂ ਵਿੱਚੋਂ ਪੀ.ਯੂ.ਐਚ.ਐਚ., ਸੱਥ, ਐਸ.ਐਫ.ਐਸ., ਐਸ.ਓ.ਆਈ., ਐਨ.ਐਸ.ਯੂ.ਆਈ., ਪੀ.ਐਫ.ਯੂ.ਐਸ., ਪੂਸੂ, ਇਨਸੋ ਆਦਿ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਬਸਪਾ ਆਗੂ ਰਾਜਿੰਦਰ ਸਿੰਘ ਨਨਹੇੜੀਆਂ, ਵਰਿਆਮ ਸਿੰਘ, ਆਦਿ ਵੀ ਹਾਜ਼ਰ ਸਨ।