ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਅਕਤੂਬਰ
ਯੂਟੀ ਪ੍ਰਸ਼ਾਸਨ ਚੰਡੀਗੜ੍ਹ ਨੂੰ ਪ੍ਰਦੂਸ਼ਣ-ਮੁਕਤ ਕਰਨ ਲਈ ਪੱਬਾਂ ਭਾਰ ਹੈ। ਸ਼ਹਿਰ ਵਿੱਚ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਵਾਹਨਾਂ ਦੀ ਪ੍ਰਦੂਸ਼ਣ ਜਾਂਚ ਲਈ ਸਖਤੀ ਵਰਤੀ ਜਾਵੇਗੀ। ਅਜਿਹੇ ਵਾਹਨਾਂ ਦੀ ਜਾਂਚ ਲਈ ਯੂਟੀ ਪ੍ਰਸ਼ਾਸਨ ਤਰਫੋਂ ਪੁਲੀਸ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੀ ਸਾਂਝੀ ਟੀਮ ਬਣਾਈ ਜਾ ਰਹੀ ਹੈ। ਇਹ ਟੀਮ ਸ਼ਹਿਰ ’ਚ ਦਾਖਲ ਹੋਣ ਵਾਲੀਆਂ ਥਾਵਾਂ ’ਤੇ ਨਾਕਾਬੰਦੀ ਕਰਕੇ ਬਾਹਰਲੇ ਸੂਬਿਆਂ ਵਿੱਚੋਂ ਚੰਡੀਗੜ੍ਹ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਦੇ ਪ੍ਰਦੂਸ਼ਣ ਸਰਟੀਫਿਕੇਟਾਂ ਦੀ ਜਾਂਚ ਕਰੇਗੀ। ਜਿਹੜਾ ਵਾਹਨ ਬਿਨਾਂ ਪ੍ਰਦੂਸ਼ਣ ਸਰਟੀਫਿਕੇਟ ਤੋਂ ਪਾਇਆ ਜਾਵੇਗਾ, ਉਸ ਵਾਹਨ ਦੇ ਡਰਾਈਵਰ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਯੂਟੀ ਦੀ ਸਲਾਹਕਾਰ ਕੌਂਸਲ ਦੀ ਮੀਟਿੰਗ ਵਿੱਚ ਕੀਤਾ ਗਿਆ ਹੈ।
ਪ੍ਰਸ਼ਾਸਨ ਨੇ ਦੱਸਿਆ ਕਿ ਸ਼ਹਿਰ ’ਚ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਵਾਹਨ ਜ਼ਿਆਦਾ ਪ੍ਰਦੂਸ਼ਣ ਫੈਲਾਉਂਦੇ ਹਨ ਜਿਸ ਕਰ ਕੇ ਯੂਟੀ ਦੇ ਪ੍ਰਸ਼ਾਸਕ ਨੇ ਅਜਿਹੇ ਵਾਹਨਾਂ ਖ਼ਿਲਾਫ਼ ਕਾਰਵਾਈ ਕਰਨ ਲਈ ਸਾਂਝੀ ਕਮੇਟੀ ਬਨਾਉਣ ਦੀ ਹਦਾਇਤ ਦਿੱਤੀ ਹੈ।
ਪੁਲੀਸ ਨੇ 185 ਚਾਲਾਨ ਕੱਟੇ ਤੇ 529 ਲੋਕਾਂ ਨੂੰ ਨੋਟਿਸ ਭੇਜੇ
ਯੂਟੀ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲੀਸ ਨੇ ਪ੍ਰਦੂਸ਼ਣ ਨਿਯਮਾਂ ਦੀ ਉਲੰਘਣਾ ਹੇਠ ਇਸ ਸਾਲ 30 ਸਤੰਬਰ ਤੱਕ 185 ਵਾਹਨਾਂ ਦੇ ਚਾਲਾਨ ਕੱਟੇ ਹਨ ਅਤੇ 529 ਲੋਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਸ਼ਹਿਰ ’ਚ ਵਾਹਨ ਚਾਲਕਾਂ ਵੱਲੋਂ ਪ੍ਰਦੂਸ਼ਣ ਸਬੰਧੀ ਵਰਤੀ ਜਾ ਰਹੀ ਅਣਗਹਿਲੀ ਕਾਰਨ ਯੂਟੀ ਪ੍ਰਸ਼ਾਸਨ ਸਖਤ ਕਰਨ ਦੀ ਤਿਆਰੀ ਕਰ ਰਿਹਾ ਹੈ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਆਦੇਸ਼ਾਂ ਅਨੁਸਾਰ ਚੰਡੀਗੜ੍ਹ ਨੂੰ ਪ੍ਰਦੂਸ਼ਣ-ਮੁਕਤ ਸ਼ਹਿਰ ਬਣਾਉਣ ਲਈ ਕਾਰਜ ਕੀਤੇ ਜਾ ਰਹੇ ਹਨ। ਇਸ ਲਈ ਸ਼ਹਿਰ ’ਚ ਪ੍ਰਦੂਸ਼ਣ ਫੈਲਾਉਣ ਵਾਲਿਆਂ ਖ਼ਿਲਾਫ਼ ਸਖਤੀ ਵਰਤੀ ਜਾਵੇਗੀ।