ਪੱਤਰ ਪ੍ਰੇਰਕ
ਲਾਲੜੂ, 18 ਜਨਵਰੀ
ਨਜ਼ਦੀਕੀ ਪਿੰਡ ਝਰਮੜੀ ਵਿੱਚ ਪੰਜਾਬ-ਹਰਿਆਣਾ ਸੀਮਾ ’ਤੇ ਸਥਿਤ ਗੋਲਡਨ ਫੋਰੇਸਟ ਕੰਪਨੀ ਦੀ ਵਿਵਾਦਤ ਜ਼ਮੀਨ, ਜਿਸ ਦਾ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ, ’ਤੇ ਕਿਸੇ ਵਿਅਕਤੀ ਵਲੋਂ ਅਦਾਲਤੀ ਸਟੇਅ ਦੇ ਬਾਵਜੂਦ ਉਸਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਇਸ ਨੂੰ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਰੁਕਵਾ ਦਿੱਤਾ ਅਤੇ ਤਾੜਨਾ ਕੀਤੀ ਕਿ ਅਦਾਲਤੀ ਹੁਕਮਾਂ ਦੀ ਉਲੰਘਣਾ ਕੀਤੇ ਜਾਣ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਗੋਲਡਨ ਫੋਰੇਸਟ ਕੰਪਨੀ ਵਿੱਚ ਇਨਵੈਸਟਮੈਂਟ ਕਰਨ ਵਾਲੇ ਜੰਮੂ ਕਸ਼ਮੀਰ ਦੇ ਵਾਸੀਆਂ ਵਲੋਂ ਇਕ ਜੰਮੂ ਕਸ਼ਮੀਰ ਇਨਵੈਸਟਮੈਂਟ ਫਰਮ ਬਣਾਈ ਗਈ ਹੈ, ਜਿਸ ਦੇ ਸਕੱਤਰ ਮੰਨਜ਼ੂਰ ਅਹਿਮਦ ਸ਼ਾਹ ਜੋ ਝਰਮੜੀ ਵਿੱਚ ਰਹਿ ਕੇ ਕਾਨੂੰਨੀ ਲੜਾਈ ਲੜ ਰਹੇ ਹਨ। ਉਨ੍ਹਾਂ ਸ਼ਿਕਾਇਤ ਰਾਹੀਂ ਦੱਸਿਆ ਕਿ ਕੰਪਨੀ ਦੀ ਵਿਵਾਦਤ ਜ਼ਮੀਨ ’ਤੇ ਕਿਸੇ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਮਕਾਨ ਦੀ ਉਸਾਰੀ ਕਰਨ ਦੀ ਸ਼ਿਕਾਇਤ ਐੱਸਐੱਸਪੀ, ਮੁਹਾਲੀ ਨੂੰ ਦਿੱਤੀ ਸੀ। ਇਸ ’ਤੇ ਕਾਰਵਾਈ ਕਰਦੇ ਹੋਏ ਲਾਲੜੂ ਪੁਲੀਸ ਨੇ ਏਐੱਸਆਈ ਬਲਜਿੰਦਰ ਸਿੰਘ ਨੂੰ ਮੌਕੇ ’ਤੇ ਭੇਜ ਕੇ ਨਿਰਮਾਣ ਕਾਰਜ ਬੰਦ ਕਰਵਾ ਦਿੱਤਾ ਅਤੇ ਅਦਾਲਤੀ ਹੁਕਮਾਂ ਦੀ ਪਾਲਣਾ ਕੀਤੇ ਜਾਣ ਬਾਰੇ ਕਿਹਾ। ਉਲੰਘਣਾ ਕੀਤੇ ਜਾਣ ਤੇ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਚਿਤਾਵਨੀ ਵੀ ਦਿੱਤੀ ਗਈ।