ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 19 ਸਤੰਬਰ
ਮੋਰਿੰਡਾ ਥਾਣੇ ਵਿੱਚ ਵਕੀਲ ਜਰਨੈਲ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਪਰਚਾ ਦਰਜ ਕਰਨ ਦੇ ਰੋਸ ਵਜੋਂ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸੱਦੇ ’ਤੇ ਵਕੀਲ ਭਾਈਚਾਰੇ ਵੱਲੋਂ ਜ਼ਿਲ੍ਹਾ ਅਦਾਲਤਾਂ ਦਾ ਕੰਮ ਕਾਜ ਠੱਪ ਕਰਕੇ ਰੋਸ ਵਿਖਾਵਾ ਕੀਤਾ ਗਿਆ। ਵਕੀਲਾਂ ਨੇ ਦੋਸ਼ ਲਾਇਆ ਜਰਨੈਲ ਸਿੰਘ ਤੇ ਉਸ ਦੇ ਪਰਿਵਾਰ ਵਿਰੁੱਧ ਇਹ ਝੂਠਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਤਹਿਸੀਲਦਾਰ ਦੇ ਦਬਾਅ ਹੇਠ ਜਾਂਚ ਕੀਤੇ ਬਿਨਾਂ ਪੁਲੀਸ ਨੇ ਕੇਸ ਦਰਜ ਕੀਤਾ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਨੇਹਪ੍ਰੀਤ ਸਿੰਘ ਨੇ ਦੱਸਿਆ ਕਿ ਸਮੂਹ ਵਕੀਲਾਂ ਵੱਲੋਂ ਸਬੰਧਤ ਤਹਿਸੀਲਦਾਰ ਖ਼ਿਲਾਫ਼ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਅਤੇ ਅੱਜ ਇਸ ਝੂਠੇ ਪਰਚੇ ਵਿਰੁੱਧ ਮੁਹਾਲੀ ਬਾਰ ਐਸੋਸੀਏਸ਼ਨ ਨੇ ਰੋਸ ਮਤਾ ਪਾਸ ਕਰਕੇ ਜ਼ਿਲ੍ਹਾ ਅਦਾਲਤਾਂ ਦਾ ਕੰਮ ਬੰਦ ਕੀਤਾ ਤੇ ਹੜਤਾਲ ਕੀਤੀ। ਉਨ੍ਹਾਂ ਮੰਗ ਕੀਤੀ ਕਿ ਵਕੀਲ ਵਿਰੁੱਧ ਦਰਜ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ। ਵਕੀਲਾਂ ਨੇ ਤਹਿਸੀਲਦਾਰ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਸੀਨੀਅਰ ਵਕੀਲ ਤਾਰਾ ਚੰਦ ਗੁਪਤਾ, ਹਰਬੰਤ ਸਿੰਘ, ਨਟਰਾਜਨ ਕੌਸ਼ਲ, ਡੀਕੇ ਵੱਤਸ, ਸੁਸ਼ੀਲ ਕੁਮਾਰ ਅੱਤਰੀ, ਸ਼ੇਖਰ ਸ਼ੁਕਲਾ ਅਤੇ ਵੱਡੀ ਗਿਣਤੀ ਵਕੀਲ ਹਾਜ਼ਰ ਸਨ। ਉਧਰ, ਤਹਿਸੀਲਦਾਰ ਗੁਰਮੰਦਰ ਸਿੰਘ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੈ ਬਲਕਿ ਪੁਲੀਸ ਨੇ ਸ਼ਿਕਾਇਤ ਅਤੇ ਤੱਥਾਂ ਨੂੰ ਆਧਾਰ ਬਣਾ ਕੇ ਐਫ਼ਆਈਆਰ ਦਰਜ ਕੀਤੀ ਹੈ। ਵਕੀਲਾਂ ਵੱਲੋਂ ਜਾਣਬੁੱਝ ਕੇ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ।