ਮੁੱਖ ਅੰਸ਼
- ਚੰਡੀਗੜ੍ਹ ਦੇ ਵਿਕਾਸ ਲਈ ਚੁੱਕੇ ਜਾਣ ਵਾਲੇ ਕਦਮਾਂ ’ਤੇ ਵਿਚਾਰ ਵਟਾਂਦਰਾ
- ਯੂਟੀ ਵਾਸਤੇ ਖੇਡ ਨੀਤੀ ਦਾ ਖਰੜਾ ਤਿਆਰ
ਕੁਲਦੀਪ ਸਿੰਘ
ਚੰਡੀਗੜ੍ਹ, 8 ਅਕਤੂਬਰ
ਇਥੋਂ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਅੱਜ ਇੱਥੇ ਯੂਟੀ ਗੈਸਟ ਹਾਊਸ ਵਿੱਚ ਸਲਾਹਕਾਰ ਕੌਂਸਲ ਦੀ ਰੀਵਿਊ ਮੀਟਿੰਗ ਕੀਤੀ ਗਈ ਤੇ ਚੰਡੀਗੜ੍ਹ ਦੇ ਵਿਕਾਸ ਲਈ ਚੁੱਕੇ ਜਾਣ ਵਾਲੇ ਕਦਮਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਟ੍ਰਾਈਸਿਟੀ ਵਿੱਚ ਸਾਂਝਾ ਪੁਲੀਸ ਕੰਟਰੋਲ ਰੂਮ ਸ਼ੁਰੂ ਕਰਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿੱਚ ਮੈਂਬਰਾਂ ਨੇ ਕਿਹਾ ਕਿ ਗੁਆਂਢੀ ਰਾਜਾਂ ਨੂੰ ਇਸ ਬਾਰੇ ਸੰਪਰਕ ਕੀਤਾ ਗਿਆ ਹੈ ਅਤੇ ਰੂਪਰੇਖਾ ਤਿਆਰ ਕੀਤੀ ਗਈ ਹੈ। ਮੀਟਿੰਗ ਵਿੱਚ ਦੱਸਿਆ ਗਿਆ ਕਿ ਅਪਰਾਧ ਕਰਨ ਵਾਲੇ ਬੱਚਿਆਂ ਲਈ ਕਾਊਂਸਲਰ, ਡਰੱਗ ਮਾਹਿਰ ਆਦਿ ਦੇ ਨਾਲ ਵਨ-ਸਟਾਪ ਸੈਂਟਰ ਬਣਾਉਣ ਦੀ ਸਿਫਾਰਸ਼ ਤਹਿਤ ਬਾਲ-ਸੁਰੱਖਿਆ ਅਫ਼ਸਰ ਨੂੰ ਹਰੇਕ ਪੁਲੀਸ ਸਟੇਸ਼ਨ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਪ੍ਰਸ਼ਾਸਕ ਸ੍ਰੀ ਪੁਰੋਹਿਤ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਸਿੱਖਿਆ, ਸਿਹਤ, ਹੁਨਰ ਵਿਕਾਸ, ਸ਼ਹਿਰੀ ਯੋਜਨਾਬੰਦੀ ਆਦਿ ਵਰਗੇ ਖੇਤਰਾਂ ਵਿੱਚ ਬਿਹਤਰ ਮੌਕੇ ਪ੍ਰਦਾਨ ਕਰਨ ਲਈ ਆਧੁਨਿਕਰਨ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਮੀਟਿੰਗ ਵਿੱਚ ਸਿੱਖਿਆ, ਸਿਹਤ, ਸ਼ਹਿਰੀ ਬੁਨਿਆਦੀ ਢਾਂਚਾ, ਸਮਾਜ ਭਲਾਈ, ਕਾਨੂੰਨ ਵਿਵਸਥਾ, ਖੇਡਾਂ, ਆਵਾਜਾਈ, ਸੱਭਿਆਚਾਰ ਅਤੇ ਵਾਤਾਵਰਨ ਵਰਗੇ ਮੁੱਦਿਆਂ ’ਤੇ ਬਣਾਈਆਂ ਗਈਆਂ ਸਥਾਈ ਕਮੇਟੀਆਂ ਦੇ ਮੈਂਬਰਾਂ ਵੱਲੋਂ ਸਿਟੀ ਬਿਊਟੀਫੁੱਲ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਵਿਸ਼ਿਆਂ ਅਧੀਨ ਕੀਤੀ ਗਈ ਕਾਰਵਾਈ ਬਾਰੇ ਪੇਸ਼ਕਾਰੀਆਂ ਦਿੱਤੀਆਂ ਗਈਆਂ।
ਕਮੇਟੀ ਵੱਲੋਂ ਦਿੱਤੀਆਂ ਗਈਆਂ ਕੁਝ ਮੁੱਖ ਸਿਫ਼ਾਰਸ਼ਾਂ ਵਿੱਚ ਦੱਸਿਆ ਗਿਆ ਕਿ ਚੰਡੀਗੜ੍ਹ ਨੂੰ ਸ਼ਹਿਰੀ ਖੇਡਾਂ ਲਈ ਇੱਕ ਮਾਡਲ ਵਜੋਂ ਪੇਸ਼ ਕਰਨ ਲਈ ਖੇਡ ਨੀਤੀ ਦਾ ਖਰੜਾ ਤਿਆਰ ਕੀਤਾ ਗਿਆ ਹੈ ਅਤੇ ਫੀਡਬੈਕ ਤੇ ਸੁਝਾਵਾਂ ਲਈ ਪ੍ਰਸਾਰਿਤ ਕੀਤਾ ਗਿਆ ਹੈ। ਮੀਟਿੰਗ ਦੌਰਾਨ ਹਾਜ਼ਰ ਅਧਿਕਾਰੀਆਂ ਨੇ ਚੰਡੀਗੜ੍ਰ ਦੇ ਸਰਬਪੱਖੀ ਵਿਕਾਸ ਲਈ ਵਚਨਬੱਧਤਾ ਦੁਹਰਾਈ।
ਜਾਇਦਾਦਾਂ ਨੂੰ ਫਰੀ-ਹੋਲਡ ਕਰਨ ਬਾਰੇ ਚਰਚਾ ਹੋਈ
ਮੀਟਿੰਗ ਵਿੱਚ ਇੰਡਸਟਰੀਅਲ ਏਰੀਆ ਫੇਜ਼-1 ਅਤੇ ਫੇਜ਼-2 ਵਿੱਚ ਸਥਿਤ ਜਾਇਦਾਦਾਂ ਨੂੰ ਲੀਜ਼ ਹੋਲਡ ਤੋਂ ਫਰੀ-ਹੋਲਡ ਵਿੱਚ ਤਬਦੀਲ ਕਰਨ ਦੇ ਏਜੰਡੇ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਇਹ ਮਾਮਲਾ ਪਹਿਲਾਂ ਹੀ ਭਾਰਤ ਸਰਕਾਰ ਕੋਲ ਉਠਾਇਆ ਜਾ ਚੁੱਕਾ ਹੈ। ਪ੍ਰਸ਼ਾਸਕ ਨੇ ਐਡਵਾਈਜ਼ਰੀ ਕੌਂਸਲ ਵੱਲੋਂ ਕੀਤੇ ਗਏ ਵਿਚਾਰ ਵਟਾਂਦਰੇ ਅਤੇ ਦਿੱਤੇ ਗਏ ਸੁਝਾਵਾਂ ਦਾ ਸਵਾਗਤ ਕੀਤਾ ਅਤੇ ਭਰੋਸਾ ਦਿੱਤਾ ਕਿ ਇਨ੍ਹਾਂ ਸੁਝਾਵਾਂ ਨੂੰ ਕੋਈ ਵੀ ਫ਼ੈਸਲਾ ਲੈਣ ਸਮੇਂ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਤਿੰਨ ਮਹੀਨਿਆਂ ਬਾਅਦ ਸਥਾਈ ਕਮੇਟੀਆਂ ਵੱਲੋਂ ਕੀਤੀਆਂ ਗਈਆਂ ਸਾਰੀਆਂ ਕਾਰਵਾਈਆਂ ਦੀ ਸਮੀਖਿਆ ਕੀਤੀ ਜਾਵੇਗੀ। ਉਨ੍ਹਾਂ ਨੇ ਅਧਿਕਾਰੀਆਂ ਅਤੇ ਕੌਂਸਲ ਮੈਂਬਰਾਂ ਨੂੰ ਕਿਹਾ ਕਿ ਸ਼ਹਿਰ ਦੇ ਵਿਕਾਸ ਏਜੰਡਿਆਂ ਉੱਤੇ ਗੰਭੀਰਤਾ ਨਾਲ ਅਤੇ ਸਮਾਂਬੱਧ ਢੰਗ ਨਾਲ ਕੰਮ ਕੀਤਾ ਜਾਵੇ।