ਆਤਿਸ਼ ਗੁਪਤਾ
ਚੰਡੀਗੜ੍ਹ, 28 ਸਤੰਬਰ
ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਪਿੱਕ-ਐਂਡ-ਡਰਾਪ ਪ੍ਰਣਾਲੀ ਤਹਿਤ ਵਾਹਨ ਚਾਲਕ ਤੋਂ ਇਕ ਹਜ਼ਾਰ ਰੁਪਏ ਜੁਰਮਾਨਾ ਵਸੂਲਣ ’ਤੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਵੱਡੀ ਜੁਰਮਾਨਾ ਰਾਸ਼ੀ ਵਸੂਲਣ ਦਾ ਹੋ ਰਹੇ ਵਿਰੋਧ ਤੋਂ ਬਾਅਦ ਅੱਜ ਰੇਲਵੇ ਵਿਭਾਗ ਨੇ ਡਿਫਾਲਟਰਾਂ ਨੂੰ ਇਕ ਹਜ਼ਾਰ ਰੁਪਏ ਜੁਰਮਾਨਾ ਲਗਾਉਣ ’ਤੇ ਰੋਕ ਲਗਾ ਦਿੱਤੀ ਹੈ। ਇਸ ਗੱਲ ਦਾ ਪ੍ਰਗਟਾਵਾ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ (ਡੀਸੀਐੱਮ) ਹਰੀ ਮੋਹਨ ਸਿੰਘ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਡਿਫਾਲਟਰਾਂ ਤੋਂ ਇਕ ਹਜ਼ਾਰ ਰੁਪਏ ਜੁਰਮਾਨੇ ਦੀ ਥਾਂ 200 ਰੁਪਏ ਵਸੂਲੇ ਜਾਣਗੇ। ਜੁਰਮਾਨਾ ਰਾਸ਼ੀ ਘਟਾਉਣ ਬਾਰੇ ਆਖਰੀ ਫ਼ੈਸਲਾ ਜਲਦ ਲਿਆ ਜਾਵੇਗਾ।
ਰੇਲਵੇ ਦੇ ਡੀਸੀਐੱਮ ਹਰੀ ਮੋਹਨ ਨੇ ਕਿਹਾ ਕਿ ਵਾਹਨ ਚਾਲਕ ਤੋਂ ਇਕ ਹਜ਼ਾਰ ਰੁਪਏ ਪਾਰਕਿੰਗ ਚਾਰਜ ਨਹੀਂ ਵਸੂਲਿਆ ਗਿਆ। ਇਹ ਨਿਰਧਾਰਤ ਸਮੇਂ ਤੋਂ ਵੱਧ ਸਮੇਂ ਲਈ ਵਾਹਨ ਖੜ੍ਹਾਉਣ ਕਰਕੇ ਜੁਰਮਾਨਾ ਰਾਸ਼ੀ ਵਸੂਲੀ ਗਈ ਸੀ। ਇਸ ਦੇ ਪਿਛੇ ਕੋਈ ਗਲਤ ਧਾਰਨਾ ਨਹੀਂ ਸੀ। ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨ ’ਤੇ ਪਿੱਕ-ਐਂਡ-ਡਰਾਪ ਪ੍ਰਣਾਲੀ ਤਹਿਤ ਪਹਿਲੇ 6 ਮਿੰਟਾਂ ਲਈ ਕੋਈ ਵਸੂਲੀ ਨਹੀਂ ਕੀਤੀ ਜਾਂਦੀ ਜਦੋਂ ਕਿ ਵਪਾਰਕ ਵਾਹਨ ਤੋਂ 30 ਰੁਪਏ ਲਏ ਜਾਣਗੇ। ਉਸ ਤੋਂ ਬਾਅਦ 15 ਮਿੰਟਾਂ ਤੱਕ 50 ਰੁਪਏ ਅਤੇ 30 ਮਿੰਟਾਂ ਵਾਹਨ ਖੜ੍ਹਾਉਣ ਲਈ 200 ਰੁਪਏ ਵਸੂਲੇ ਜਾਣਗੇ। ਉਨ੍ਹਾਂ ਕਿਹਾ ਕਿ ਰੇਲਵੇ ਵਿਭਾਗ ਵੱਲੋਂ ਪਿੱਕ-ਐਂਡ-ਡਰਾਪ ਪ੍ਰਣਾਲੀ ਤਹਿਤ ਸਮਾਂ ਵਧਾਉਣ ਦੀ ਕੋਈ ਤਜਵੀਜ਼ ਨਹੀਂ ਹੈ।ਦੱਸਣਯੋਗ ਹੈ ਕਿ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਪਿਕ-ਐਂਡ-ਡਰਾਪ ਪ੍ਰਣਾਲੀ ਤਹਿਤ ਕਾਰ ਚਾਲਕ ਤੋਂ ਇਕ ਹਜ਼ਾਰ ਰੁਪਏ ਦੀ ਵਸੂਲੀ ਕਰਨ ’ਤੇ ਨਿਵੇਕਲਾ ਵਿਵਾਦ ਖੜ੍ਹਾ ਹੋ ਗਿਆ ਸੀ। ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ, ਕਾਂਗਰਸੀ ਆਗੂ ਮੁਨੀਸ਼ ਤਿਵਾੜੀ ਸਣੇ ਹੋਰਨਾਂ ਸਿਆਸੀ ਆਗੂਆਂ ਨੇ ਇਸ ਵਸੂਲੀ ਦੀ ਨਿੰਦਾ ਕੀਤੀ ਸੀ। ਇਸ ਤੋਂ ਬਾਅਦ ਰੇਲਵੇ ਵਿਭਾਗ ਨੇ ਇਕ ਹਜ਼ਾਰ ਰੁਪਏ ਜੁਰਮਾਨਾ ਵਸੂਲੀ ’ਤੇ ਰੋਕ ਲਗਾਉਣ ਦਾ ਫ਼ੈਸਲਾ ਕੀਤਾ ਹੈ।
ਪਾਰਕਿੰਗ ਦੇ ਰੇਟ ਘਟਾਏ
ਰੇਲਵੇ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਆਈਆਰਸੀਟੀਸੀ ਤੋਂ ਚਾਰਜ ਸਾਂਭਣ ਤੋਂ ਬਾਅਦ ਸਟੇਸ਼ਨ ’ਤੇ ਪਾਰਕਿੰਗ ਰੇਟ ਘਟਾ ਦਿੱਤਾ ਗਿਆ ਹੈ। ਹੁਣ ਚਾਰ ਪਹੀਆ ਵਾਹਨ ਤੋਂ ਦੋ ਘੰਟੇ ਲਈ 20 ਰੁਪਏ ਵਸੂਲੇ ਜਾਂਦੇ ਹਨ, ਜਦੋਂ ਕਿ ਪਹਿਲਾਂ 30 ਰੁਪਏ ਵਸੂਲੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਮਹੀਨੇ ਦਾ ਪਾਸ ਤਿਆਰ ਕਰਵਾਉਣ ਦੀ ਕੀਮਤ ਵਿੱਚ 75 ਫ਼ੀਸਦ ਦੀ ਕਟੌਤੀ ਕਰਕੇ ਇਕ ਹਜ਼ਾਰ ਰੁਪਏ ਕੀਮਤ ਤੈਅ ਕੀਤੀ ਗਈ ਹੈ। ਇਸ ਤੋਂ ਪਹਿਲਾਂ ਆਈਆਰਸੀਟੀਸੀ ਵੱਲੋਂ 4 ਹਜ਼ਾਰ ਰੁਪਏ ਵਿੱਚ ਮਹੀਨੇ ਦਾ ਪਾਸ ਤਿਆਰ ਕੀਤਾ ਜਾਂਦਾ ਸੀ। ਉਨ੍ਹਾਂ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਜੋ ਲੋਕ ਸਟੇਸ਼ਨ ’ਤੇ ਜ਼ਿਆਦਾ ਸਮਾਂ ਰੁਕਣਾ ਚਾਹੁੰਦੇ ਹਨ, ਉਹ ਆਪਣੇ ਵਾਹਨ ਆਮ ਪਾਰਕਿੰਗ ਏਰੀਆ ਵਿੱਚ ਪਾਰਕ ਕਰਨ। ਇਸ ਨਾਲ ਵਾਹਨ ਚਾਲਕ ਜੁਰਮਾਨੇ ਤੋਂ ਬਚ ਸਕਦੇ ਹਨ।