ਪੱਤਰ ਪ੍ਰੇਰਕ
ਚੰਡੀਗੜ੍ਹ, 29 ਸਤੰਬਰ
ਪੀਜੀਆਈ ਪ੍ਰਬੰਧਨ ਵੱਲੋਂ ਮੁਲਾਜ਼ਮਾਂ ਦੀ ਸਹਿਮਤੀ ਲਏ ਬਗੈਰ ਸਤੰਬਰ ਮਹੀਨੇ ਦੀ ਤਨਖਾਹ ਵਿੱਚੋਂ 100 ਰੁਪਏ ਦੀ ਕਟੌਤੀ ਕਰਨ ਦੇ ਜਾਰੀ ਕੀਤੇ ਗਏ ਫੁਰਮਾਨ ਬਾਰੇ ਸਮੁੱਚੇ ਮੁਲਾਜ਼ਮ ਵਰਗ ਵਿੱਚ ਜਿੱਥੇ ਚਰਚਾ ਚੱਲ ਰਹੀ ਹੈ, ਉਥੇ ਹੀ ਸੋਸ਼ਲ ਮੀਡੀਆ ’ਤੇ ਪ੍ਰਸ਼ਾਸਨ ਦੀ ਕਾਫ਼ੀ ਭੰਡੀ ਕੀਤੀ ਜਾ ਰਹੀ ਹੈ। ਪ੍ਰਬੰਧਨ ਵੱਲੋਂ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਡਰਾਇੰਗ ਐਂਡ ਡਿਸਬਰਸਿੰਗ ਅਫ਼ਸਰ ਦੇ ਦਸਤਖ਼ਤਾਂ ਹੇਠ 28 ਸਤੰਬਰ ਨੂੰ ਜਾਰੀ ਪੱਤਰ ਵਿੱਚ ਕਿਹਾ ਗਿਆ ਕਿ ਹਰੇਕ ਮੁਲਾਜ਼ਮ ਅਤੇ ਵਰਕਰ ਦੀ ਸਤੰਬਰ ਮਹੀਨੇ ਦੀ ਤਨਖਾਹ ਵਿੱਚੋਂ 100 ਰੁਪਏ ਦੀ ਕਟੌਤੀ ਕੀਤੀ ਜਾ ਰਹੀ ਹੈ। ਇਹ ਪੈਸੇ ਇਕੱਠੇ ਕਰਕੇ ਪੀਜੀਆਈ ਐਂਪਲਾਈਜ਼ ਯੂਨੀਅਨ (ਨਾਨ ਫੈਕਲਟੀ) ਨੂੰ ਖੂਨਦਾਨ ਕੈਂਪ ਲਗਾਉਣ ਲਈ ਦਿੱਤੇ ਜਾ ਰਹੇ ਹਨ, ਜਦੋਂਕਿ ਪੀਜੀਆਈ ਵਿੱਚ ਵੱਖ-ਵੱਖ ਮੁਲਾਜ਼ਮ ਵਰਗਾਂ ਦੀਆਂ ਕਈ ਯੂਨੀਅਨਾਂ ਹਨ। ਮੁਲਾਜ਼ਮ ਖੇਮੇ ਵਿੱਚ ਇਸ ਗੱਲ ਦਾ ਰੋਸ ਹੈ ਕਿ ਕਿਸੇ ਵੀ ਮੁਲਾਜ਼ਮ ਦੀ ਸਹਿਮਤੀ ਤੋਂ ਬਗੈਰ ਕਟੌਤੀ ਨਹੀਂ ਕੀਤੀ ਜਾ ਸਕਦੀ ਅਤੇ ਦੂਜੇ ਪਾਸੇ ਕਿਸੇ ਵੀ ਮੁਲਾਜ਼ਮ ਯੂਨੀਅਨ ਵੱਲੋਂ ਆਪਣੇ ਪੱਧਰ ’ਤੇ ਲਗਾਏ ਜਾਣ ਵਾਲੇ ਕਿਸੇ ਵੀ ਕੈਂਪ ਦੇ ਲਈ ਸਹਾਇਤਾ ਦੇਣ ਵਾਸਤੇ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ। ਮੁਲਾਜ਼ਮ ਵਰਗ ਵੱਲੋਂ ਪ੍ਰਬੰਧਨ ਨੂੰ ਉਕਤ ਪੱਤਰ ਤੁਰੰਤ ਵਾਪਸ ਲਏ ਜਾਣ ਦੀ ਮੰਗ ਕੀਤੀ ਹੈ।
ਇਸ ਮਾਮਲੇ ਸਬੰਧੀ ਪੱਖ ਲੈਣ ਬਾਰੇ ਜਦੋਂ ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨਾਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।