ਮੁੱਖ ਅੰਸ਼
- ਟੀਡੀਆਈ ਸੈਕਟਰਾਂ ਵਿੱਚ 12 ਘੰਟੇ ਗੁੱਲ ਰਹੀ ਬੱਤੀ
- ਸੈਕਟਰ ਵਾਸੀਆਂ ਨੇ ਕੰਪਨੀ ਦੇ ਮੁੱਖ ਪ੍ਰਬੰਧਕ ਰੋਹਿਤ ਗੋਗੀਆ ਨੂੰ ਦੇਰ ਰਾਤ ਚੰਡੀਗੜ੍ਹ ਸਥਿਤ ਘਰ ਤੋਂ ਲਿਆ ਕੇ ਧਰਨੇ ’ਚ ਬਿਠਾਇਆ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 13 ਜੂਨ
ਇੱਥੋਂ ਦੇ ਟੀਡੀਆਈ ਸੈਕਟਰ-110 ਅਤੇ ਸੈਕਟਰ-111 ਵਿੱਚ ਕਰੀਬ 12 ਘੰਟੇ ਬੱਤੀ ਗੁੱਲ ਰਹਿਣ ਕਾਰਨ ਅੱਤ ਦੀ ਗਰਮੀ ਵਿੱਚ ਲੋਕਾਂ ਨੇ ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀਆਂ ਦੇ ਬੈਨਰ ਹੇਠ ਟੀਡੀਆਈ ਦੇ ਸੇਲਜ਼ ਦਫ਼ਤਰ ਅੱਗੇ ਪੂਰੀ ਰਾਤ ਧਰਨਾ ਦਿੱਤਾ ਅਤੇ ਬਿਲਡਰ ਰਵਿੰਦਰ ਤਨੇਜਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਦੀ ਅਗਵਾਈ ਟੀਡੀਆਈ ਸੈਕਟਰ-110 ਰੈਜ਼ੀਡੈਟ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਅਤੇ ਸੈਕਟਰ-111 ਦੇ ਪ੍ਰਧਾਨ ਸੰਤ ਸਿੰਘ ਅਤੇ ਸਾਧੂ ਸਿੰਘ ਪ੍ਰਧਾਨ ਅਫੋਡੇਬਲ ਨੇ ਕੀਤੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਟੀਡੀਆਈ ਸੈਕਟਰਾਂ ਵਿੱਚ ਸ਼ਾਮ 5 ਵਜੇ ਬੱਤੀ ਗੁੱਲ ਹੋ ਗਈ ਅਤੇ ਅੱਜ ਸਵੇਰੇ 5 ਵਜੇ ਬਿਜਲੀ ਸਪਲਾਈ ਬਹਾਲ ਹੋਈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਾਂ ਕਰਨ ’ਤੇ ਟੀਡੀਆਈ ਪ੍ਰਬੰਧਕਾਂ ਵੱਲੋਂ ਵੀ ਆਨਾਕਾਨੀ ਕੀਤੀ ਗਈ ਤਾਂ ਵੱਡੀ ਗਿਣਤੀ ਸਥਾਨਕ ਵਸਨੀਕ ਟੀਡੀਆਈ ਦੇ ਸੇਲਜ਼ ਦਫ਼ਤਰ ਅੱਗੇ ਦਰੀ ਵਿਛਾ ਕੇ ਧਰਨੇ ’ਤੇ ਬੈਠ ਗਏ ਜਦੋਂਕਿ ਕਾਫ਼ੀ ਲੋਕ ਅਤੇ ਔਰਤਾਂ ਟੀਡੀਆਈ ਦੇ ਮੁੱਖ ਪ੍ਰਬੰਧਕ ਰੋਹਿਤ ਗੋਗੀਆ ਦੇ ਸੈਕਟਰ-34 ਸਥਿਤ ਘਰ ਪਹੁੰਚ ਗਏ। ਬਦਨਾਮੀ ਦੇ ਡਰੋਂ ਰੋਹਿਤ ਗੋਗੀਆ ਵੀ ਸੈਕਟਰ ਵਾਸੀਆਂ ਨਾਲ ਸੇਲਜ਼ ਦਫ਼ਤਰ ਦੇ ਬਾਹਰ ਪਹੁੰਚ ਗਏ ਅਤੇ ਉਨ੍ਹਾਂ ਨੇ ਵੀ ਧਰਨੇ ਨੇੜੇ ਸੜਕ ’ਤੇ ਬੈਠ ਕੇ ਪੂਰੀ ਰਾਤ ਜਾਗ ਕੇ ਕੱਟੀ। ਸੋਮਵਾਰ ਨੂੰ ਸਵੇਰੇ ਤੜਕੇ 5 ਵਜੇ ਬਿਜਲੀ ਸਪਲਾਈ ਚਾਲੂ ਹੋਣ ’ਤੇ ਸੈਕਟਰ ਵਾਸੀਆਂ ਨੇ ਧਰਨਾ ਚੁੱਕਿਆ। ਸੈਕਟਰ ਵਾਸੀਆਂ ਨੇ ਦੱਸਿਆ ਕਿ ਲਗਪਗ ਪਿਛਲੇ ਦੋ ਮਹੀਨਿਆਂ ਤੋਂ ਇਨ੍ਹਾਂ ਸੈਕਟਰਾਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਹਫ਼ਤੇ ਤੋਂ ਤਾਂ ਪੂਰੀ ਪੂਰੀ ਰਾਤ ਬਿਜਲੀ ਨਹੀਂ ਆਉਂਦੀ।
ਪੀੜਤ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਸਪਲਾਈ ਵਿੱਚ ਸੁਧਾਰ ਨਾ ਹੋਇਆ ਤਾਂ ਗਮਾਡਾ ਦੇ ਬਾਹਰ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਜਸਵਿੰਦਰ ਸਿੰਘ ਗਿੱਲ, ਹਿਰਦੇਪਾਲ, ਭਜਨ ਸਿੰਘ, ਜਸਬੀਰ ਸਿੰਘ ਗੜਾਂਗ, ਸੰਜੇ ਕੁਮਾਰ, ਰਾਜੀਵ ਸਹਿਦੇਵ, ਪ੍ਰੇਮ ਸਿੰਘ, ਸੰਦੀਪ ਸ਼ਰਮਾ, ਮਹੇਸ਼ ਕੁਮਾਰ, ਤਨੂ ਅਗਰਵਾਲ ਅਤੇ ਹੋਰ ਪਤਵੰਤੇ ਮੌਜੂਦ ਸਨ।