ਸ਼ਸ਼ੀ ਪਾਲ ਜੈਨ
ਖਰੜ, 1 ਅਕਤੂਬਰ
ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਨੇ ਅੱਜ ਦੇਸੂਮਾਜਰਾ ਨੇੜੇ ਖਰੜ-ਮੁਹਾਲੀ ਸੜਕ ਉੱਤੇ ਬੱਸਾਂ ਲਗਾ ਕੇ ਮੁਕੰਮਲ ਤੌਰ ’ਤੇ ਜਾਮ ਲਗਾ ਦਿੱਤਾ। ਇਹ ਜਾਮ ਜੋ ਲਗਭਗ 3 ਘੰਟੇ ਤੱਕ ਜਾਰੀ ਰਿਹਾ ਜਿਸ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਰਹੀ।
ਇਸ ਸਬੰਧੀ ਪੀ.ਆਰ.ਟੀ.ਸੀ. ਕੱਚਾ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਤੇ ਪਨਬੱਸ ਦੇ ਲੁਧਿਆਣਾ ਡਿੱਪੂ ਦੇ ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕਿ ਇਹ ਮੁਲਾਜ਼ਮ ਸਾਲ 2007 ਵਿੱਚ ਕੱਚੇ ਤੌਰ ’ਤੇ ਭਰਤੀ ਹੋਏ ਸਨ ਅਤੇ ਹੁਣ ਤੱਕ ਸਰਕਾਰ ਵੱਲੋਂ ਉਨ੍ਹਾਂ ਨੂੰ ਪੱਕੇ ਕਰਨ ਸਬੰਧੀ ਸਿਰਫ ਮੀਟਿੰਗਾਂ ਹੀ ਕੀਤੀਆ ਜਾ ਰਹੀਆਂ ਹਨ। 5-6 ਦਿਨ ਪਹਿਲਾਂ ਵੀ ਉਨ੍ਹਾਂ ਦੀ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਤੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ ਕਿ ਨਾਜਾਇਜ਼ ਤੌਰ ’ਤੇ ਕੱਢੇ ਹੋਏ ਮੁਲਾਜ਼ਮ ਬਹਾਲ ਕੀਤੇ ਜਾਣ ਅਤੇ ਆਊਟਸੋਰਸਿੰਗ ਰਾਹੀਂ ਕੋਈ ਭਰਤੀ ਨਾ ਕੀਤੀ ਜਾਵੇ। ਉਨ੍ਹਾਂ ਵੱਲੋਂ ਇਸ ਸਬੰਧੀ ਭਰੋਸਾ ਦੇਣ ਦੇ ਬਾਵਜੂਦ ਅੱਜ ਚੰਡੀਗੜ੍ਹ ਵਿੱਚ ਆਊਟਸੋਰਸਿੰਗ ਰਾਹੀਂ ਡਰਾਈਵਰਾਂ ਦੀ ਭਰਤੀ ਹੋ ਰਹੀ ਹੈ ਜਿਸ ਕਾਰਨ ਉਨ੍ਹਾਂ ਨੂੰ ਇਹ ਸਖਤ ਕਦਮ ਚੁੱਕਣਾ ਪਿਆ।
ਇਸੇ ਦੌਰਾਨ ਅੱਜ ਮੁਅੱਤਲ ਹੋ ਚੁੱਕੇ ਮੁਲਾਜ਼ਮ ਨੇੜੇ ਹੀ ਬਣੀ ਹੋਈ ਪਾਣੀ ਦੀ ਟੈਂਕੀ ’ਤੇ ਚੜ੍ਹ ਗਏ। ਇਸੇ ਦੌਰਾਨ ਖਰੜ ਦੀ ਡੀ.ਐੱਸ.ਪੀ ਰੁਪਿੰਦਰ ਕੌਰ ਸੋਹੀ, ਸਦਰ ਥਾਣੇ ਦੇ ਐੱਸ.ਐੱਚ.ਓ ਯੋਗੇਸ਼ ਕੁਮਾਰ, ਸਿਟੀ ਥਾਣੇ ਦੇ ਐੱਸ.ਐੱਚ.ਓ. ਇੰਸਪੈਕਟਰ ਸੁਨੀਲ ਸ਼ਰਮਾ ਨੇ ਮੌਕੇ ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਇਨ੍ਹਾਂ ਮੁਲਾਜ਼ਮਾਂ ਨੇ ਆਪਣਾ ਧਰਨਾ ਉਸ ਸਮੇਂ ਖ਼ਤਮ ਕੀਤਾ ਜਦੋਂ ਖਰੜ ਦੇ ਤਹਿਸੀਲਦਾਰ ਵੱਲੋਂ ਉਨ੍ਹਾਂ ਨੂੰ ਇਹ ਭਰੋਸਾ ਦਿੱਤਾ ਗਿਆ ਕਿ ਚੰਡੀਗੜ੍ਹ ਵਿੱਚ ਹੋਣ ਵਾਲੀ ਆਊਟਸੋਰਸਿੰਗ ਭਰਤੀ ਬੰਦ ਕਰ ਦਿੱਤੀ ਜਾਵੇਗੀ।