ਕੁਲਦੀਪ ਸਿੰਘ
ਚੰਡੀਗੜ੍ਹ, 25 ਅਕਤੂਬਰ
ਇੱਥੇ ਪੀਜੀਆਈ ਵਿੱਚ ਨਵੀਂ ਓ.ਪੀ.ਡੀ. ਅਤੇ ਐਡਵਾਂਸਡ ਆਈ ਸੈਂਟਰ ਵਾਲੇ ਪਾਸੇ ਰੋਜ਼ਾਨਾ ਚੱਲ ਰਹੀ ਵਾਹਨ ਪਾਰਕਿੰਗ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਮੈਨੇਜਮੈਂਟ ਨੇ ਇੱਕ ਹੋਰ ਬਹੁ-ਮੰਜ਼ਿਲਾ ਪਾਰਕਿੰਗ ਇਮਾਰਤ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਸ ਇਮਾਰਤ ਨੂੰ ਬਣਾਉਣ ਦੇ ਲਈ ਟੈਂਡਰ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ 60.49 ਕਰੋੜ ਰੁਪਏ ਦੀ ਲਾਗਤ ਨਾਲ ਉਕਤ ਪਾਰਕਿੰਗ ਇਮਾਰਤ ਬਣਾਈ ਜਾ ਰਹੀ ਹੈ ਜਿਸ ਬਾਰੇ ਜਾਰੀ ਕੀਤੇ ਗਏ ਟੈਂਡਰ ਦੀ ਬੋਲੀ 25 ਨਵੰਬਰ ਨੂੰ ਖੋਲ੍ਹੀ ਜਾਵੇਗੀ।
ਟੈਂਡਰ ਅਲਾਟ ਹੋਣ ਉਪਰੰਤ ਨਿਰਮਾਣ ਕਾਰਜ 18 ਮਹੀਨੇ ਦੇ ਅੰਦਰ ਪੂਰਾ ਕਰਨ ਦੀ ਯੋਜਨਾ ਹੈ। ਦੱਸਣਯੋਗ ਹੈ ਕਿ ਪੀ.ਜੀ.ਆਈ. ਵਿੱਚ ਨਵੀਂ ਓ.ਪੀ.ਡੀ. ਵਾਲੇ ਪਾਸੇ ਭਾਵੇਂ ਕਿ ਪਹਿਲਾਂ ਵੀ ਇੱਕ ਬਹੁ-ਮੰਜ਼ਿਲਾ ਵਹੀਕਲ ਪਾਰਕਿੰਗ ਇਮਾਰਤ ਬਣੀ ਹੋਈ ਹੈ ਜਿਸ ਵਿੱਚ ਵੱਡੀ ਗਿਣਤੀ ਵਹੀਕਲ ਖੜ੍ਹੇ ਕੀਤੇ ਜਾਂਦੇ ਹਨ ਪ੍ਰੰਤੂ ਇਸ ਦੇ ਬਾਵਜੂਦ ਇਸ ਪਾਸੇ ਵਹੀਕਲ ਖੜ੍ਹੇ ਕਰਨ ਦੀ ਸਮੱਸਿਆ ਬਹੁਤ ਜ਼ਿਆਦਾ ਵਧ ਚੁੱਕੀ ਸੀ।
ਮਰੀਜ਼ਾਂ ਨਾਲ ਆਉਣ ਵਾਲੇ ਪਰਿਵਾਰਕ ਮੈਂਬਰ ਆਪਣੀਆਂ ਗੱਡੀਆਂ ਸੜਕਾਂ ਕਿਨਾਰੇ ਜਾਂ ਫੁੱਟਪਾਥਾਂ ਉੱਤੇ ਹੀ ਖੜ੍ਹੇ ਕਰਕੇ ਚਲੇ ਜਾਂਦੇ ਸਨ ਜਿਸ ਨਾਲ ਆਵਾਜਾਈ ਵਿੱਚ ਕਾਫ਼ੀ ਵਿਘਨ ਪੈਂਦਾ ਸੀ। ਹੁਣ ਇੱਕ ਹੋਰ ਨਵੀਂ ਪਾਰਕਿੰਗ ਇਮਾਰਤ ਬਣ ਜਾਣ ਨਾਲ ਪਾਰਕਿੰਗ ਸਮੱਸਿਆ ਕਾਫ਼ੀ ਹੱਦ ਤੱਕ ਹੱਲ ਹੋ ਸਕੇਗੀ।