ਹਰਜੀਤ ਸਿੰਘ
ਜ਼ੀਰਕਪੁਰ, 3 ਮਾਰਚ
ਇਥੋਂ ਦੀ ਪਟਿਆਲਾ ਸੜਕ ’ਤੇ ਸਥਿਤ ਪਿੰਡ ਨਾਭਾ ਸਾਹਿਬ ਵਿਖੇ ਪੈਂਦੇ ਹੋਲੀ ਫੈਮਿਲੀ ਕਾਨਵੈਂਟ ਸਕੂਲ ਦੇ ਬਾਹਰ ਵੱਡੀ ਗਿਣਤੀ ਬੱਚਿਆਂ ਦੇ ਮਾਪਿਆਂ ਨੇ ਰੋਸ ਪ੍ਰਦਰਸ਼ਨ ਕੀਤਾ। ਮੁਜ਼ਾਹਰਾ ਕਰ ਰਹੇ ਮਾਪਿਆਂ ਨੇ ਦੋਸ਼ ਲਾਇਆ ਕਿ ਸਕੂਲ ਪ੍ਰਬੰਧਕ ਨੇ ਸਾਲਾਨਾ ਫ਼ੀਸ ਨਾ ਭਰਨ ਵਾਲੇ ਬੱਚਿਆਂ ਦੇ ਨਤੀਜੇ ਰੋਕ ਲਏ ਹਨ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕ ਜ਼ਬਰਦਸਤੀ ਫ਼ੀਸ ਦੇਣ ਲਈ ਦਬਾਅ ਪਾ ਰਹੇ ਹਨ। ਇਸ ਤੋਂ ਭੜਕੇ ਮਾਪਿਆਂ ਨੇ ਸਕੂਲ ਦੇ ਬਾਹਰ ਪ੍ਰਦਰਸ਼ਨ ਕੀਤਾ।
ਗੁਰਵਿੰਦਰ ਸਿੰਘ, ਨੀਰਜ ਕੁਮਾਰ, ਸੁਖਵਿੰਦਰ ਸਿੰਘ, ਜਨਪ੍ਰੀਤ ਸਿੰਘ, ਸਰਬਜੀਤ ਸਿੰਘ, ਜਤਿੰਦਰ ਸਿੰਘ, ਹਰਬਿੰਦਰ ਸਿੰਘ, ਸੌਰਵ ਕਿਸ਼ੌਰ, ਜਸਵੀਰ ਸਿੰਘ, ਹਰਜੀਤ ਕੌਰ, ਰਜਨੀ, ਪ੍ਰਵੀਨ, ਰਜਵੰਤ ਕੌਰ, ਰਾਜਵਿੰਦਰ ਕੌਰ ਅਤੇ ਹੋਰ ਮਾਪਿਆਂ ਨੇ ਦੱਸਿਆ ਕਿ ਲੰਘੇ ਵਿਦਿਅਕ ਸਾਲ ਵਿੱਚ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਆਨਲਾਈਨ ਕਲਾਸਾਂ ਲੱਗੀਆਂ ਹਨ। ਇਸ ਦੌਰਾਨ ਮਾਪਿਆਂ ਨੂੰ ਆਨਲਾਈਨ ਪੜ੍ਹਾਈ ਲਈ ਕਿਤਾਬਾਂ, ਕਾਪੀਆਂ ਤੋਂ ਇਲਾਵਾ ਸਮਾਰਟ ਮੋਬਾਈਲ ਫੋਨ, ਇੰਟਰਨੈੱਟ ਅਤੇ ਲੈਪਟਾਪ ਦੇ ਖਰਚੇ ਵੀ ਝੱਲਣੇ ਪਏ ਹਨ। ਸਕੂਲ ਦੀ ਹਰੇਕ ਮਹੀਨੇ ਫੀਸ ਵੀ ਭਰੀ ਹੈ। ਹੁਣ ਜਦ ਨਤੀਜੇ ਆਏ ਤਾਂ ਸਕੂਲ ਪ੍ਰਬੰਧਕਾਂ ਵੱਲੋਂ ਹਰੇਕ ਬੱਚੇ ਤੋਂ ਤਕਰੀਬਨ ਸੱਤ ਹਜ਼ਾਰ ਰੁਪਏ ਸਾਲਾਨਾ ਫੀਸ ਦੀ ਮੰਗ ਕੀਤੀ ਜਾ ਰਹੀ ਹੈ। ਫੀਸ ਨਾ ਭਰਨ ਵਾਲੇ ਬੱਚਿਆਂ ਦਾ ਨਤੀਜਾ ਰੋਕ ਲਿਆ ਗਿਆ ਹੈ। ਮਾਮਲਾ ਵਧਦਾ ਦੇਖ ਮਾਪਿਆਂ ਵੱਲੋਂ ਇਸਦੀ ਸ਼ਿਕਾਇਤ ਐਸ.ਡੀ.ਐਮ. ਡੇਰਾਬੱਸੀ ਸਵਾਤੀ ਟਿਵਾਣਾ ਨੂੰ ਦਿੱਤੀ ਗਈ।
ਐਸ.ਡੀ.ਐਮ. ਵੱਲੋਂ ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਤਹਿਸੀਲਦਾਰ ਡੇਰਾਬੱਸੀ ਰਵਨੀਤ ਕੌਰ ਨੂੰ ਮੌਕੇ ’ਤੇ ਭੇਜਿਆ ਗਿਆ ਪਰ ਸਕੂਲ ਪ੍ਰਬੰਧਕਾਂ ਵੱਲੋਂ ਸਕੂਲ ਦਾ ਗੇਟ ਨਹੀਂ ਖੋਲ੍ਹਿਆ ਗਿਆ। ਇਸ ਮਗਰੋਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਪੁਲੀਸ ਦੀ ਮਦਦ ਨਾਲ ਗੇਟ ਖੁੱਲ੍ਹਵਾਇਆ। ਸਕੂਲ ਪ੍ਰਬੰਧਕਾਂ ਨੇ ਮੌਕੇ ’ਤੇ ਪਹੁੰਚੇ ਅਧਿਕਾਰੀ ਨੂੰ ਸਾਰੀ ਫੀਸ ਅਦਾਲਤ ਦੇ ਹੁਕਮਾਂ ਤੇ ਵਸੂਲਣ ਦਾ ਦਾਅਵਾ ਕੀਤਾ। ਮੌਕੇ ’ਤੇ ਅਧਿਕਾਰੀਆਂ ਨੇ ਅਦਾਲਤ ਦੇ ਹੁਕਮ ਦਿਖਾਉਣ ਦੀ ਗੱਲ ਆਖੀ ਜੋ ਪ੍ਰਬੰਧਕ ਮੌਕੇ ’ਤੇ ਕੋਈ ਵੀ ਅਜਿਹੇ ਹੁਕਮ ਪੇਸ਼ ਨਹੀਂ ਕਰ ਸਕੇ। ਇਸ ਮਗਰੋਂ ਐਸ.ਡੀ.ਐਮ. ਨੇ ਸਕੂਲ ਪ੍ਰਬੰਧਕਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਬੱਚਿਆਂ ਦਾ ਨਤੀਜਾ ਆਨਲਾਈਨ ਪੇਸ਼ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਕੋਈ ਵੀ ਸਕੂਲ ਪ੍ਰਬੰਧਕ ਫੀਸ ਨਾ ਭਰਨ ਦੀ ਸ਼ਰਤ ’ਤੇ ਕਿਸੇ ਵੀ ਬੱਚੇ ਦਾ ਨਤੀਜਾ ਨਹੀਂ ਰੋਕ ਸਕਦਾ।
ਦੂਜੇ ਪਾਸੇ ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਨਿਯਮ ਮੁਤਾਬਕ ਹੀ ਫੀਸ ਮੰਗੀ ਜਾ ਰਹੀ ਹੈ ਪਰ ਕੁਝ ਬੱਚਿਆਂ ਦੇ ਮਾਪੇ ਫੀਸ ਨਾ ਭਰਨ ਲਈ ਹੰਗਾਮਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਕੂਲ ਪ੍ਰਬੰਧਕਾਂ ਦੇ ਕਰੋਨਾ ਦੌਰਾਨ ਵੀ ਹਰੇਕ ਮਹੀਨੇ ਅਧਿਆਪਕਾਂ ਨੂੰ ਤਨਖ਼ਾਹ ਦੇਣ ਤੋਂ ਇਲਾਵਾ ਹੋਰ ਵੀ ਖਰਚੇ ਹਨ ਜੋ ਪੂਰੇ ਨਹੀਂ ਹੁੰਦੇ। ਉਨ੍ਹਾਂ ਨੇ ਕਿਹਾ ਕਿ ਖ਼ਰਚੇ ਪੂਰੇ ਕਰਨ ਲਈ ਬੱਚਿਆਂ ਦੀ ਫੀਸ ਜ਼ਰੂਰੀ ਹੈ।