ਸਰਬਜੀਤ ਸਿੰਘ ਭੱਟੀ
ਲਾਲੜੂ, 30 ਅਗਸਤ
ਸਥਾਨਕ ਵਾਰਡ ਨੰਬਰ 6 ਨਿਵਾਸੀ ਜਸਪਾਲ ਸਿੰਘ ਪੁੱਤਰ ਗੁਰਨਾਮ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੁੂੰ ਪੱਤਰ ਲਿਖ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਪ੍ਰਿੰਸੀਪਲ ਅਤੇ ਇੱਕ ਅਧਿਆਪਕਾ ਖਿਲਾਫ਼ ਸਕੂਲ ਛੱਡਣ ਦਾ ਸਰਟੀਫਿਕੇਟ ਦੇਣ ਸਮੇਂ ਕਈ ਦਿਨਾਂ ਤੱਕ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਅਤੇ ਬਦਸਲੂਕੀ ਕੀਤੇ ਜਾਣ ਦੇ ਦੋਸ਼ ਲਾਏ ਹਨ। ਸ਼ਿਕਾਇਤ ਕਰਤਾ ਜਸਪਾਲ ਸਿੰਘ ਵਾਸੀ ਲਾਲੜੂ ਨੇ ਦੱਸਿਆ ਕਿ ਉਹ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦਾ ਹੈ ਅਤੇ ਉਕਤ ਸਕੂਲ ਵਿੱਚ ਉਨ੍ਹਾ ਦਾ ਲੜਕਾ ਅੱਠਵੀਂ ਜਮਾਤ ਵਿੱਚ ਪੜ੍ਹਦਾ ਸੀ, ਜੋ ਪਾਸ ਹੋ ਗਿਆ ਸੀ। ਉਸ ਦੇ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਉਹ ਕਈ ਦਿਨਾਂ ਤੱਕ ਸਕੂਲ ਜਾਂਦਾ ਰਿਹਾ, ਪਰ ਸਕੂਲ ਦੇ ਪ੍ਰਿੰਸੀਪਲ ਤੇ ਅਧਿਆਪਕਾ ਨੇ ਛੇ ਦਿਨ ਤੱਕ ਉਸ ਨੂੰ ਸਰਟੀਫਿਕੇਟ ਦੇਣ ਵਿੱਚ ਆਨਾ-ਕਾਨੀ ਕੀਤੀ ਅਤੇ 29 ਅਗਸਤ ਨੂੰ ਸਰਟੀਫਿਕੇਟ ਦੇਣ ਦਾ ਸਮਾਂ ਦੇ ਕੇ ਵੀ ਸਰਟੀਫਿਕੇਟ ਜਾਰੀ ਨਹੀਂ ਕੀਤਾ। ਇਸ ਸਬੰਧੀ ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਜਾਣਕਾਰੀ ਦਿੱਤੀ। ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਉਸ ਕੋਲੋਂ 275 ਰੁਪਏ ਵੀ ਵਸੂਲੇ ਗਏ, ਜਿਸ ਦੀ ਰਸੀਦ ਨਹੀਂ ਦਿੱਤੀ ਗਈ। ਉਨ੍ਹਾਂ ਮੁੱਖ ਮੰਤਰੀ ਤੋਂ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਧਰ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਮੁਹਾਲੀ ਨੇ ਦੱਸਿਆ ਕਿ ਜਿਵੇਂ ਹੀ ਸਮੱਸਿਆ ਉਨ੍ਹਾਂ ਦੇ ਧਿਆਨ ਵਿੱਚ ਆਈ, ਉਨ੍ਹਾਂ ਮਸਲਾ ਹੱਲ ਕਰਵਾ ਦਿੱਤਾ ਹੈ।