ਪੀਪੀ ਵਰਮਾ
ਪੰਚਕੂਲਾ 8, ਜਨਵਰੀ
ਬਰਡ ਫਲੂ ਦੇ ਡਰ ਕਾਰਨ ਬਰਵਾਲਾ ਅਤੇ ਰਾਏਪੁਰਰਾਣੀ ਦੇ ਪੋਲਟਰੀ ਫਾਰਮਾਂ ਦੀਆਂ ਮੁਰਗੀਆਂ ਮਾਰੀਆਂ ਜਾਣਗੀਆਂ। ਇਸ ਪ੍ਰਕਿਰਿਆ ਲਈ ਰੈਪਿਡ ਐਕਸ਼ਨ ਫੋਰਸ ਤਿਆਰ ਕੀਤੀ ਗਈ ਹੈ। ਇਹ ਮੁਰਗੀਆਂ ਉਨ੍ਹਾਂ ਪੋਲਟਰੀ ਫਾਰਮਾਂ ਵਿੱਚ ਮਾਰੀਆਂ ਜਾਣਗੀਆਂ, ਜਿਨ੍ਹਾਂ ਪੋਲਟਰੀ ਫਾਰਮਾਂ ਵਿੱਚ ਥੋੜ੍ਹਾ ਸਮਾਂ ਪਹਿਲਾਂ 4 ਲੱਖ ਤੋਂ ਵੱਧ ਮੁਰਗੀਆਂ ਮਰੀਆਂ ਸਨ। ਇਨ੍ਹਾਂ ਪੋਲਟਰੀ ਫਾਰਮਾਂ ਵਿੱਚੋਂ ਤਿੰਨ ਵਾਰ ਸੈਂਪਲ ਲਏ ਗਏ ਹਨ। ਬਰਵਾਲਾ ਪਸ਼ੂ ਹਸਪਤਾਲ ਦੇ ਵੈਟਰਨਰੀ ਡਾਕਟਰ ਸੁਭਾਸ਼ ਅਹਲਾਵਤ ਨੇ ਦੱਸਿਆ ਕਿ ਸਾਰੇ ਪੋਲਟਰੀ ਫਾਰਮਾਂ ਦੇ ਮਾਲਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਪੋਲਟਰੀ ਫਾਰਮਾਂ ਵਿੱਚ ਸਫ਼ਾਈ ਰੱਖਣ ਅਤੇ ਦਵਾਈ ਦਾ ਛਿੜਕਾਅ ਕਰਵਾਉ। ਹਰਿਆਣਾ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਨੇ ਮੁਰਗੀਆਂ ਨੂੰ ਮਾਰਨ ਵਾਸਤੇ ਇੱਕ ਰੈਪਿਡ ਐਕਸ਼ਨ ਟੀਮ ਬਣਾ ਕੇ ਮੌਕ ਡਰਿੱਲ ਵੀ ਕੀਤੀ। ਹਰਿਆਣਾ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਨੇ ਸਾਂਝੇ ਨਿਰਦੇਸ਼ਕ ਡਾ. ਐਲਸੀ. ਰੰਗਾ ਦੀ ਪ੍ਰਧਾਨਗੀ ਹੇਠ ‘ਪੈਟ ਐਨੀਮਲ ਮੈਡੀਕਲ ਸੈਂਟਰ ਪੰਚਕੂਲਾ’ ਵਿੱਚ ਜ਼ਿਲ੍ਹੇ ਦੇ ਸਾਰੇ ਪਸ਼ੂ ਹਸਪਤਾਲਾਂ ਦੇ ਡਾਕਟਰਾਂ ਦੀ ਬੈਠਕ ਹੋਈ। ਸਿਹਤ ਵਿਭਾਗ ਦੀ ਟੀਮ ਨੇ ਪੋਲਟਰੀ ਫਾਰਮਾਂ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਵਿੱਚ ਖਾਂਸੀ-ਜੁਕਾਮ ਜਿਹੇ ਲੱਛਣਾਂ ਦੀ ਜਾਂਚ ਵੀ ਕੀਤੀ। ਦੁਕਾਨਦਾਰਾਂ ਨੇ ਅੰਡਿਆਂ ਦੀ ਸਪਲਾਈ ਲੈਣ ਤੋਂ ਇਨਕਾਰ ਕਰ ਦਿੱਤਾ ਹੈ।