ਪੀਪੀ ਵਰਮਾ
ਪੰਚਕੂਲਾ, 27 ਦਸੰਬਰ
ਪੰਚਕੂਲਾ ਦੇ ਚੰਡੀਮੰਦਰ ਟੌਲ ਪਲਾਜ਼ਾ ’ਤੇ ਭਾਰਤੀ ਕਿਸਾਨ ਯੂਨੀਅਨ ਅਤੇ ਸਹਿਯੋਗੀ ਸੰਗਠਨਾਂ ਵੱਲੋਂ ਅੱਜ ਤੀਜੇ ਦਿਨ ਵੀ ਧਰਨਾ ਜਾਰੀ ਰਿਹਾ। ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਕਿ ਇਹ ਧਰਨਾ ਹੁਣ ਅਣਮਿੱਥੇ ਸਮੇਂ ਲਈ ਚੱਲੇਗਾ ਅਤੇ ਟੌਲ ਪਲਾਜ਼ਾ ਪਰਚੀ ਮੁਕਤ ਕੀਤਾ ਜਾਵੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਕਰਮ ਸਿੰਘ ਨੇ ਕਿਹਾ ਕਿ ਹਰਿਆਣਾ ਵਿੱਚ ਵੀ ਕਾਰਪੋਰੇਟ ਸੈਕਟਰਾਂ ਦਾ ਬਾਈਕਾਟ ਕੀਤਾ ਜਾਵੇਗਾ। ਹਰਿਆਣਾ ਸਰਕਾਰ ਦੇ ਮੰਤਰੀਆਂ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉੱਪ ਮੁੱਖ ਮੰਤਰੀ ਦੁਸ਼ਿਅੰਤ ਚੋਟਾਲਾ ਦੇ ਸਮਾਗਮਾਂ ਦਾ ਵੀ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਜੌਰ-ਕਾਲਕਾ ਪ੍ਰਾਪਰਟੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਹਰਸ਼ ਕੁਮਾਰ ਚੱਢਾ ਤੋਂ ਇਲਾਵਾ ਵੱਡੀ ਗਿਣਤੀ ਦੇ ਸਥਾਨਕ ਕਿਸਾਨ ਨੇਤਾਵਾਂ ਵੱਲੋਂ ਸਹਿਯੋਗ ਦਿੱਤਾ ਗਿਆ ਹੈ। ਇਸ ਸਾਰੇ ਸੈਂਕੜੇ ਦੀ ਗਿਣਤੀ ਵਿੱਚ ਕਿਸਾਨ ਟੌਲ ਪਲਾਜ਼ਾ ਉੱਤੇ ਦਰੀਆਂ ਉੱਤੇ ਸ਼ਾਤੀਪੂਰਨ ਢੰਗ ਨਾਲ ਬੈਠੇ ਹਨ। ਧਰਨੇ ਵਿੱਚ ਵੱਡੀ ਗਿਣਤੀ ਦੀਆਂ ਬਜ਼ੁਰਗ ਔਰਤਾਂ ਵੀ ਸ਼ਾਮਲ ਹਨ।