ਮਿਹਰ ਸਿੰਘ
ਕੁਰਾਲੀ, 3 ਫਰਵਰੀ
ਕਾਂਗਰਸ ਦੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵੱਲੋਂ ਆਪਣੇ ਪੁੱਤਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਲਾਕੇ ਦੀਆਂ ਪੰਚਾਇਤਾਂ ਅਤੇ ਉਨ੍ਹਾਂ ਦੇ ਸਮਰਥਕ ਖ਼ੁਦ ਨੂੰ ਦੁਚਿੱਤੀ ਵਿੱਚ ਫਸੇ ਮਹਿਸੂਸ ਕਰ ਰਹੇ ਹਨ। ਹਲਕੇ ਦੇ ਨਵੇਂ ਸਿਆਸੀ ਸਮੀਕਰਨਾਂ ਨੂੰ ਦੇਖਦਿਆਂ ਬਲਾਕ ਮਾਜਰੀ ਦੀਆਂ ਦਰਜ਼ਨਾਂ ਕਾਂਗਰਸੀ ਸਰਪੰਚਾਂ ਨੇ ਮੀਟਿੰਗ ਕਰਕੇ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਆਪਣੇ ਸਿਆਸੀ ਭਵਿੱਖ ਦਾ ਫ਼ੈਸਲਾ ਖ਼ੁਦ ਲੈਣ ਦਾ ਐਲਾਨ ਕੀਤਾ ਹੈ।
ਬਲਾਕ ਮਾਜਰੀ ਦੇ ਬਲਾਕ ਵਿੱਚ ਦਰਜ਼ਨਾਂ ਸਰਪੰਚਾਂ ਦੀ ਅਹਿਮ ਮੀਟਿੰਗ ਮਗਰੋਂ ਸਰਪੰਚ ਗੁਰਿੰਦਰ ਸਿੰਘ ਕਾਲਾ ਖਿਜ਼ਰਾਬਾਦ, ਜਸਪ੍ਰੀਤ ਸਿੰਘ ਬਰਸਾਲਪੁਰ ਟੱਪਰੀਆਂ ਅਤੇ ਸਰਪੰਚ ਨਰਦੇਵ ਸਿੰਘ ਬਿੱਟੂ ਭੂਪਨਗਰ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਵਿੱਚ ਲੋਕਾਂ ਵੱਲੋਂ ਕਾਂਗਰਸ ਪਾਰਟੀ ਦੀਆਂ ਪੰਚਾਇਤਾਂ ਬਣਾਈਆਂ ਸਨ ਪਰ ਹਲਕੇ ਦੇ ਨਵੇਂ ਸਿਆਸੀ ਹਾਲਾਤ ਦੇ ਮੱਦੇਨਜ਼ਰ ਹੁਣ ਉਹ ਵੀ ਵੱਖਰਾ ਫ਼ੈਸਲਾ ਲੈਣ ਲਈ ਮਜਬੂਰ ਹਨ। ਉਨ੍ਹ ਕਿਹਾ ਕਿ ਉਹ ਕਿਸੇ ਆਗੂ ਦੇ ਪਿੱਛੇ ਨਹੀਂ ਲੱਗਣਗੇ ਸਗੋਂ ਆਪਣਾ ਫੈਸਲਾ ਖੁਦ ਸਰਪੰਚਾਂ, ਪੰਚਾਂ ਤੇ ਪਤਵੰਤਿਆਂ ਦੀ ਮੀਟਿੰਗ ਦੌਰਾਨ ਕਰਨਗੇ। ਉਨ੍ਹਾਂ ਕਿਹਾ ਕਿ ਪਿੰਡ ਪੱਧਰ ’ਤੇ ਮੀਟਿੰਗਾਂ ਕਰਨ ਉਪਰੰਤ ਸਮੁੱਚੀਆਂ ਪੰਚਾਇਤਾਂ ਸਾਂਝਾ ਫ਼ੈਸਲਾ ਲੈਣਗੀਆਂ ਤਾਂ ਜੋ ਭਵਿੱਖ ਵਿੱਚ ਪਿੰਡਾਂ ਦੇ ਵਿਕਾਸ ਲਈ ਦਬਾਅ ਬਣਾਇਆ ਜਾ ਸਕੇ। ਮੀਟਿੰਗ ਦੌਰਾਨ ਹਾਜ਼ਰ ਸਰਪੰਚਾਂ ਤੇ ਪਤਵੰਤਿਆਂ ਨੇ ਚੋਣਾਂ ਦੌਰਾਨ ਸਮਰਥਨ ਦੇਣ ਦੇ ਮਾਮਲੇ ’ਤੇ ਇੱਕਜੁਟਤਾ ਪ੍ਰਗਟਾਉਂਦਿਆਂ ਕਿਹਾ ਕਿ ਉਹ ਜਲਦੀ ਹੀ ਆਪਣੀਆਂ ਪੰਚਾਇਤਾਂ ਤੇ ਪਿੰਡ ਵਾਸੀਆਂ ਦੀ ਰਾਇ ਲੈਣਗੇ ਤੇ ਮੀਟਿੰਗ ਕਰਕੇ ਸਾਰੇ ਉਮੀਦਵਾਰਾਂ ਤੇ ਪਾਰਟੀਆਂ ਦੀ ਕਾਰਗੁਜ਼ਾਰੀ ਦਾ ਲੇਖਾਜੋਖਾ ਵੀ ਕੀਤਾ ਜਾਵੇਗਾ। ਇਸ ਮਗਰੋਂ ਪੰਚਾਇਤਾਂ ਦੀ ਸਾਂਝੀ ਮੀਟਿੰਗ ਬੁਲਾ ਕੇ ਇਲਾਕੇ ਦਾ ਸਾਂਝਾ ਫੈਸਲਾ ਲਿਆ ਜਾਵੇਗਾ।