ਪੱਤਰ ਪ੍ਰੇਰਕ
ਬਨੂੜ, 9 ਜੁਲਾਈ
ਨੇੜਲੇ ਪਿੰਡ ਤੰਗੌਰੀ ਵਿੱਚ 100 ਏਕੜ ਤੋਂ ਵੱਧ ਜ਼ਮੀਨ ਵਿੱਚ ਤਿੰਨ ਤੋਂ ਚਾਰ ਫੁੱਟ ਤੱਕ ਪਾਣੀ ਭਰਨ ਕਾਰਨ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਗਈ ਹੈ। ਇਸੇ ਦੌਰਾਨ ਕਈ ਕਿਸਾਨ ਜ਼ਮੀਨ ਵਿੱਚ ਝੀਲ ਵਾਂਗ ਪਾਣੀ ਇਕੱਠਾ ਹੋਣ ਕਾਰਨ ਝੋਨਾ ਲਗਾਉਣ ਤੋਂ ਵਾਂਝੇ ਰਹਿ ਗਏ ਹਨ। ਤੰਗੌਰੀ ਦੇ ਦਰਜਨਾਂ ਕਿਸਾਨਾਂ ਨੇ ਮੁਹਾਲੀ ਪ੍ਰਸ਼ਾਸਨ ਤੋਂ ਪਾਣੀ ਦੀ ਤੁਰੰਤ ਨਿਕਾਸੀ ਦੀ ਗੁਹਾਰ ਲਗਾਈ ਹੈ ਤੇ ਅਜਿਹਾ ਨਾ ਹੋਣ ’ਤੇ ਕੌਮੀ ਮਾਰਗ ਜਾਮ ਕਰਨ ਦੀ ਚਿਤਾਵਨੀ ਦਿੱਤੀ ਹੈ।
ਬਲਾਕ ਸਮਿਤੀ ਮੈਂਬਰ ਮਨਜੀਤ ਸਿੰਘ ਤੰਗੌਰੀ ਨੇ ਦੱਸਿਆ ਕਿ ਤੰਗੌਰੀ ਨੇੜਿਉਂ ਕਈ ਪਿੰਡਾਂ ਦਾ ਬਰਸਾਤੀ ਪਾਣੀ ਲੰਘਦਾ ਹੈ। ਇਹ ਪਾਣੀ ਕੌਮੀ ਮਾਰਗ ਉੱਤੇ ਮੋਟੇਮਾਜਰਾ ਤੇ ਫੌਜੀ ਕਲੋਨੀ ਵਾਲੇ ਪਾਸੇ ਨੂੰ ਪਾਣੀ ਦੀ ਨਿਕਾਸੀ ਲਈ ਲਗਾਈਆਂ ਤਿੰਨ ਪੁਲੀਆਂ ਵਿੱਚੋਂ ਲੰਘ ਕੇ ਸੜਕ ਦੇ ਨਾਲ-ਨਾਲ ਬਨੂੜ ਚੋਈ ਵਿੱਚ ਜਾ ਕੇ ਡਿੱਗਦਾ ਹੈ। ਕਿਸਾਨਾਂ ਨੇ ਦੱਸਿਆ ਕਿ ਇਨ੍ਹਾਂ ਤਿੰਨੋਂ ਪੁਲੀਆਂ ਨੂੰ ਨਾਲ ਲੱਗਦੇ ਖੇਤਾਂ ਦੇ ਮਾਲਕਾਂ ਨੇ ਦਸ-ਦਸ ਫੁੱਟ ਉੱਚੀ ਭਰਤ ਪਾ ਕੇ ਬੰਦ ਕਰ ਦਿੱਤਾ ਹੈ ਜਿਸ ਨਾਲ ਸਾਰਾ ਪਾਣੀ ਤੰਗੌਰੀ ਵਾਲੇ ਪਾਸੇ ਖੇਤਾਂ ਵਿੱਚ ਇਕੱਠਾ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਉਹ ਪ੍ਰਸ਼ਾਸਨ ਅਤੇ ਕੌਮੀ ਮਾਰਗ ਦੇ ਅਧਿਕਾਰੀਆਂ ਨੂੰ ਵੀ ਗੁਹਾਰ ਲਗਾ ਚੁੱਕੇ ਹਨ ਪਰ ਠੋਸ ਕਾਰਵਾਈ ਨਹੀਂ ਹੋ ਰਹੀ। ਕਿਸਾਨਾਂ ਨੇ ਫਸਲਾਂ ਅਤੇ ਜ਼ਮੀਨ ਨੂੰ ਬਚਾਉਣ ਲਈ ਪਾਣੀ ਦਾ ਤੁਰੰਤ ਨਿਕਾਸ ਲਈ ਪੁਲੀਆਂ ਨੂੰ ਖੁੱਲ੍ਹਵਾਉਣ ਦੀ ਮੰਗ ਕੀਤੀ ਹੈ।
ਪਟਿਆਲਾ ਦੀ ਰਾਓ ਨਦੀ ਵਿੱਚ ਪਾਣੀ ਵਧਿਆ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਮੀਂਹ ਕਾਰਨ ਪਿੰਡ ਮੁੱਲਾਂਪੁਰ ਗਰੀਬਦਾਸ ਤੇ ਨਵਾਂ ਗਾਉਂ ਦੀਆਂ ਗਲੀਆਂ ਤੇ ਨਾਲੀਆਂ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਨਵਾਂ ਗਾਉਂ ਵਿੱਚ ਮੁੱਢਲੀਆਂ ਸਹੂਲਤਾਂ ਨਾ ਮਿਲਣ ਕਾਰਨ ਲੋਕ ਪ੍ਰਸ਼ਾਸਨ ਦੀ ਕਥਿਤ ਮਾੜੀ ਕਾਰਗੁਜ਼ਾਰੀ ਨੂੰ ਕੋਸਦੇ ਰਹਿੰਦੇ ਹਨ। ਇਸੇ ਦੌਰਾਨ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਤੇ ਦੁਕਾਨਾਂ ਸਮੇਤ ਸਿਵਲ ਪਸ਼ੂ ਡਿਸਪੈਂਸਰੀ ਨਵਾਂ ਗਾਉਂ ਵਿੱਚ ਵੜ ਗਿਆ। ਪਿੰਡ ਪੜੌਲ, ਸਿੱਸਵਾਂ, ਪਟਿਆਲਾ ਦੀ ਰਾਓ ਨਦੀ ਵਿੱਚ ਵੀ ਭਾਰੀ ਮਾਤਰਾ ਵਿੱਚ ਬਰਸਾਤੀ ਪਾਣੀ ਆਇਆ। ਪਿੰਡ ਨਾਡਾ ਤੇ ਪੜਛ ਵਿਚਕਾਰ ਪੈਂਦੀ ਨਦੀ ਉਤੇ ਕੋਈ ਪੁਲ ਨਾ ਹੋਣ ਕਰਕੇ ਲੋਕਾਂ ਨੂੰ ਲੰਘਣ ਵਾਸਤੇ ਪਾਣੀ ਦੇ ਘਟਣ ਦਾ ਇੰਤਜ਼ਾਰ ਕਰਨਾ ਪਿਆ। ਲੋਕਾਂ ਨੇ ਸਰਕਾਰ ਤੇ ਜ਼ਿਲ੍ਹਾ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਮਿਉਂਸਿਪਲ ਕੌਂਸਲ ਨਵਾਂ ਗਾਉਂ ਨੂੰ ਆਦੇਸ਼ ਜਾਰੀ ਕੀਤੇ ਜਾਣ ਕਿ ਗਲੀਆਂ-ਨਾਲੀਆਂ ਸਮੇਤ ਬਰਸਾਤੀ ਪਾਣੀ ਦੀ ਸਹੀ ਨਿਕਾਸੀ ਕਰਵਾਈ ਜਾਵੇ ਤੇ ਇਸ ਸਬੰਧ ਵਿੱਚ ਢੁੱਕਵੇਂ ਪ੍ਰਬੰਧ ਕੀਤੇ ਜਾਣ।