ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 11 ਫਰਵਰੀ
ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ) ਵਲੋਂ ਡਾਟਾ ਸਾਇੰਸ ਵਿਚ ਐੱਮ ਟੈੱਕ ਸ਼ੁਰੂ ਕੀਤੀ ਜਾਵੇਗੀ ਜਿਸ ਦੇ ਪ੍ਰਸ਼ਾਸਕੀ ਅੜਿੱਕੇ ਦੂਰ ਕਰਨ ਲਈ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਅਪਲਾਇਡ ਸਾਇੰਸ ਵਿਚ ਵੀ ਨਵੇਂ ਵਿਸ਼ੇ ਸ਼ੁਰੂ ਕੀਤੇ ਜਾਣਗੇ। ਇਸ ਦੇ ਨਾਲ ਹੀ ਕੰਪਿਊਟਰ ਸਾਇੰਸ ਇੰਜਨੀਅਰਿੰਗ ਤੇ ਇਲੈਕਟ੍ਰਾਨਿਕਸ ਤੇ ਹੋਰ ਵਿਭਾਗਾਂ ਦੇ ਮੋਹਰੀ ਵਿਦਿਆਰਥੀਆਂ ਨੂੰ ਹੁਣ 20 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਣਗੇ। ਇਹ ਫੈਸਲੇ ਪੈਕ ਦੀ ਸੈਨੇਟ ਮੀਟਿੰਗ ਵਿਚ ਅੱਜ ਲਏ ਗਏ। ਡਾਇਰੈਕਟਰ ਡਾ. ਬਲਦੇਵ ਸੇਤੀਆ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਵਿਭਾਗਾਂ ਦੇ ਡੀਨ ਤੇ ਮੁਖੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਖੋਜ ਕਾਰਜਾਂ ਲਈ ਵੱਖਰੇ ਫੰਡ ਰੱਖੇ ਜਾਣਗੇ ਤੇ ਵਿਦਿਆਰਥੀਆਂ ਨੂੰ ਨਵੀਆਂ ਖੋਜਾਂ ਕਰਨ ਲਈ ਪ੍ਰੇਰਿਆ ਜਾਵੇਗਾ। ਡਾਇਰੈਕਟਰ ਨੇ ਖੋਜ ਲਈ ਪ੍ਰਸ਼ਾਸਕੀ ਕੰਮਾਂ ਨੂੰ ਸੌਖਾ ਕਰਨ ਲਈ ਕਮੇਟੀ ਬਣਾਈ ਜੋ ਵਿਦਿਆਰਥੀਆਂ ਤੇ ਪ੍ਰੋਫੈਸਰਾਂ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਦੂਰ ਕਰੇਗੀ। ਉਨ੍ਹਾਂ ਵਿਭਾਗਾਂ ਦੇ ਮੁਖੀਆਂ ਨੂੰ ਕਿਹਾ ਕਿ ਉਹ ਪ੍ਰੋਫੈਸਰਾਂ ਨੂੰ ਖੋਜ ਪ੍ਰਕਾਸ਼ਨ ਲਈ ਵੀ ਉਤਸ਼ਾਹਤ ਕਰਨ ਤੇ ਇਸ ਦਾ ਵੱਖਰਾ ਖਾਕਾ ਅਗਲੀ ਮੀਟਿੰਗ ਵਿਚ ਲਿਆਉਣ।
ਕੰਪਿਊਟਰ ਸਾਇੰਸ ਵਿਭਾਗ ਵਲੋਂ ਸਾਫਟਵੇਅਰ-ਨੈੱਟਵਰਕਿੰਗ ਅਤੇ ਇਸ ਦੀਆਂ ਐਪਲੀਕੇਸ਼ਨਾਂ ’ਤੇ ਚੋਣਵੇਂ ਕੋਰਸ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਗਿਆ। ਅਪਲਾਇਡ ਸਾਇੰਸਿਜ਼ ਵਿਭਾਗ ਵਲੋਂ ਨਵੇਂ ਐਡਵਾਂਸ ਕੋਰਸਾਂ ਨੂੰ ਚੋਣਵੇਂ ਵਿਸ਼ੇ ਵਜੋਂ ਪੀਐਚਡੀ ਅਤੇ ਪੀਜੀ ਪ੍ਰੋਗਰਾਮਾਂ ਦੇ ਪਾਠਕ੍ਰਮ ਵਿੱਚ ਸ਼ਾਮਲ ਕਰਨ ਦਾ ਪ੍ਰਸਤਾਵ ਦਿੱਤਾ ਗਿਆ ਪਰ ਇਸ ’ਤੇ ਫੈਸਲਾ ਨਹੀਂ ਹੋਇਆ। ਇਸ ਮੌਕੇ ਐਮ ਟੈਕ ਇਲੈਕਟ੍ਰਾਨਿਕਸ ਪ੍ਰੋਗਰਾਮ ਦਾ ਨਾਮ ਐਮ ਟੈਕ ਕਮਿਊਨੀਕੇਸ਼ਨ ਇੰਜੀਨੀਅਰਿੰਗ ਅਤੇ ਸਿਗਨਲ ਪ੍ਰੋਸੈਸਿੰਗ ਰੱਖਣ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਵਿੱਚ ਨਵੇਂ ਕੋਰਸ ਅਤੇ ਚੋਣਵੇਂ ਕੋਰਸ ਸ਼ਾਮਲ ਹੋਣਗੇ।
ਪੁਲੀਸ ਮੁਲਾਜ਼ਮਾਂ ਨੂੰ ਸਰਟੀਫਿਕੇਟ ਕੋਰਸ ਕਰਵਾਏਗਾ ਪੈੱਕ
ਪੈੱਕ ਵਲੋਂ ਯੂਟੀ ਪੁਲੀਸ ਵਿਭਾਗ ਨਾਲ ਜਲਦੀ ਹੀ ਸਮਝੌਤਾ ਸਹੀਬੰਦ ਕੀਤਾ ਜਾਵੇਗਾ ਜਿਸ ਵਿਚ ਪੁਲੀਸ ਅਤੇ ਹੋਰ ਸੁਰੱਖਿਆ ਬਲਾਂ ਲਈ ਇੱਕ ਸਰਟੀਫਿਕੇਟ ਕੋਰਸ ਕਰਵਾਇਆ ਜਾਵੇਗਾ ਜਿਸ ਦੇ ਰੂਪ ਨੂੰ ਤੈਅ ਕਰਨ ਲਈ ਅੱਜ ਮੀਟਿੰਗ ਵਿਚ ਚਰਚਾ ਕੀਤੀ ਗਈ।