ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 15 ਨਵੰਬਰ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਪੰਜਾਬ ਇੰਜਨੀਅਰਿੰਗ ਕਾਲਜ ਦੇ ਸਥਾਪਨਾ ਦੇ 100 ਵਰ੍ਹੇ ਮੁਕੰਮਲ ਹੋਣ ਮੌਕੇ ਭਲਕੇ ਪੁੱਜ ਰਹੇ ਹਨ। ਇਸ ਮੌਕੇ ਅੱਜ ਸਾਰਾ ਦਿਨ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀ ਮੀਟਿੰਗ ਕਰਦੇ ਰਹੇ।
ਅਧਿਕਾਰੀਆਂ ਨੇ ਪੈਕ ਵਿੱਚ ਸਮਾਗਮ ਵਾਲੀ ਥਾਂ ਦਾ ਦੌਰਾ ਕੀਤਾ ਤੇ ਡਾਇਰੈਕਟਰ ਨਾਲ ਪ੍ਰਬੰਧਾਂ ’ਤੇ ਚਰਚਾ ਕੀਤੀ। ਅੱਜ ਪੈਕ ਦੇ ਗੇਟ ਨੰਬਰ ਦੋ ਦੇ ਬਾਹਰ ਪੁਲੀਸ ਦੇ ਘੋੜ ਸਵਾਰ ਖਿੱਚ ਦਾ ਕੇਂਦਰ ਰਹੇ। ਉਨ੍ਹਾਂ ਦਿਨ ਵਿੱਚ ਕਈ ਵਾਰ ਸਵਾਗਤ ਦੀ ਰਿਹਰਸਲ ਕੀਤੀ। ਇਸ ਕਾਰਨ ਪੈੱਕ ਵਿੱਚ ਕਿਸੇ ਵੀ ਬਾਹਰੀ ਵਿਅਕਤੀ ਨੂੰ ਦਾਖਲ ਨਹੀਂ ਹੋਣ ਦਿੱਤਾ ਗਿਆ। ਪੰਜਾਬ ਇੰਜਨੀਅਰਿੰਗ ਕਾਲਜ ਵਿੱਚ ਸੈਮੀ ਕੰਡਕਟਰ ਰਿਸਰਚ ਸੈਂਟਰ ਤਿਆਰ ਹੋ ਗਿਆ ਹੈ ਜਿਸ ਦਾ ਉਦਘਾਟਨ ਰਾਸ਼ਟਰਪਤੀ ਕਰਨਗੇ। ਇਸ ਤੋਂ ਇਲਾਵਾ ਪੈਕ ਦੇ ਨਵੀਨੀਕਰਨ ਦਾ ਉਦਘਾਟਨ ਵੀ ਕੀਤਾ ਜਾਵੇਗਾ। ਪੈਕ ਦੇ ਡਾਇਰੈਕਟਰ ਨੇ ਦੱਸਿਆ ਕਿ ਇਹ ਕੌਮੀ ਪੱਧਰ ਦਾ ਕੇਂਦਰ ਵਿਦਿਆਰਥੀਆਂ ਲਈ ਖੋਜ ਦੇ ਵਧੇਰੇ ਮੌਕੇ ਪ੍ਰਦਾਨ ਕਰੇਗਾ।