ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 7 ਜਨਵਰੀ
ਪੰਜਾਬ ਇੰਜਨੀਅਰਿੰਗ ਕਾਲਜ ਨੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਨਆਈਟੀ) ਦਾ ਦਰਜਾ ਹਾਸਲ ਕਰਨ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪੈੱਕ ਨੇ ਨਵਾਂ ਪ੍ਰਸਤਾਵ ਤਿਆਰ ਕਰ ਲਿਆ ਹੈ ਤੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਨੂੰ ਪੱਤਰ ਲਿਖ ਕੇ ਸਮਾਂ ਮੰਗਿਆ ਹੈ। ਇਸ ਤੋਂ ਬਾਅਦ ਪ੍ਰਸ਼ਾਸਕ ਵੱਲੋਂ ਇਹ ਮਾਮਲਾ ਕੇਂਦਰ ਨਾਲ ਵਿਚਾਰਿਆ ਜਾਵੇਗਾ।
ਜਾਣਕਾਰੀ ਅਨੁਸਾਰ ਪ੍ਰਸ਼ਾਸਨ ਨੇ ਪੈੱਕ ਨੂੰ ਐੱਨਆਈਟੀ ਦਾ ਦਰਜਾ ਹਾਸਲ ਕਰਨ ਲਈ ਨਵੇਂ ਸਿਰੇ ਤੋਂ ਪ੍ਰਸਤਾਵ ਤਿਆਰ ਕਰਨ ਲਈ ਕਿਹਾ ਸੀ ਤਾਂ ਕਿ ਖੇਤਰ ਵਿੱਚ ਐੱਨਆਈਟੀ ਦੀ ਲੋੜ ਨੂੰ ਪੂਰਾ ਕੀਤਾ ਜਾ ਸਕੇ। ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੈੱਕ ਨੇ ਕੁਝ ਮਹੀਨੇ ਪਹਿਲਾਂ ਪ੍ਰਸਤਾਵ ਤਿਆਰ ਕਰ ਕੇ ਭੇਜਿਆ ਸੀ ਪਰ ਇਸ ਵਿੱਚ ਕੁਝ ਖਾਮੀਆਂ ਸਨ ਜਿਸ ਕਰਕੇ ਪੈੱਕ ਨੂੰ ਦੁਬਾਰਾ ਪ੍ਰਸਤਾਵ ਤਿਆਰ ਕਰਨ ਲਈ ਕਿਹਾ ਗਿਆ ਸੀ। ਪੈੱਕ ਦੇ ਇੱਕ ਅਧਿਕਾਰੀ ਨੇ ਦੱਸਿਆ ਨੇ ਪੈੱਕ ਨੇ ਆਪਣੇ ਅਕਾਦਮਿਕ ਤੇ ਹੋਰ ਖੇਤਰਾਂ ਦਾ ਵੇਰਵਾ ਦਿੰਦੇ ਹੋਏ ਨਵੇਂ ਸਿਰੇ ਤੋਂ ਪ੍ਰਸ਼ਾਸਕ ਨੂੰ ਵਿਸਥਾਰਤ ਰਿਪੋਰਟ ਬਣਾ ਕੇ ਭੇਜੀ ਹੈ ਜਿਸ ਨੂੰ ਉਹ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨਾਲ ਵਿਚਾਰ ਕੇ ਪੈੱਕ ਨੂੰ ਐੱਨਆਈਟੀ ਦਾ ਦਰਜਾ ਦਿਵਾਉਣ ਲਈ ਪਹਿਲਕਦਮੀ ਕਰਨਗੇ। ਉਨ੍ਹਾਂ ਦੱਸਿਆ ਕਿ ਪੈੱਕ ਨੂੰ ਇਹ ਦਰਜਾ ਦਿਵਾਉਣ ਲਈ ਪ੍ਰਸ਼ਾਸਕ ਆਪ ਦਿਲਚਸਪੀ ਲੈ ਰਹੇ ਹਨ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਤੇ ਯੂਟੀਜ਼ ਨੂੰ ਆਪੋ-ਆਪਣੇ ਖੇਤਰ ਵਿੱਚ ਰਾਹ ਤਲਾਸ਼ਣ ਲਈ ਕਿਹਾ ਸੀ।
ਪੈੱਕ ਨੂੰ ਐੱਨਆਈਟੀ ਬਣਨ ਵਿੱਚ ਕਈ ਚੁਣੌਤੀਆਂ ਦਰਪੇਸ਼
ਸਿੱਖਿਆ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੈੱਕ ਲਈ ਐੱਨਆਈਟੀ ਦਾ ਦਰਜਾ ਹਾਸਲ ਕਰਨਾ ਸੌਖਾ ਨਹੀਂ ਹੋਵੇਗਾ ਕਿਉਂਕਿ ਬਾਕੀ ਐੱਨਆਈਟੀਜ਼ ਦੇ ਮੁਕਾਬਲੇ ਪੈੱਕ ਦਾ ਖੇਤਰ ਬਹੁਤ ਘੱਟ ਹੈ ਤੇ ਇਸ ਕੋਲ ਆਈਆਈਟੀ ਬਣਨ ਲਈ ਆਧਾਰੀ ਢਾਂਚਾ ਵੀ ਨਹੀਂ ਹੈ। ਦੱਸਣਯੋਗ ਹੈ ਕਿ ਪੈੱਕ ਯੂਨੀਵਰਸਿਟੀ 146 ਏਕੜ ਵਿੱਚ ਬਣੀ ਹੋਈ ਹੈ।
ਐੱਨਆਈਟੀ ਬਣਨ ਨਾਲ ਮਿਲਣ ਵਾਲੀਆਂ ਸਹੂਲਤਾਂ
ਐੱਨਆਈਟੀ ਦਾ ਦਰਜਾ ਮਿਲਣ ਤੋਂ ਬਾਅਦ ਸਾਰਾ ਖਰਚਾ ਕੇਂਦਰ ਵੱਲੋਂ ਚੁੱਕਿਆ ਜਾਵੇਗਾ ਤੇ ਸਰਕਾਰੀ ਸਕੀਮਾਂ ਦੇ ਲਾਭ ਹਾਸਲ ਕਰਨ ਲਈ ਵੱਖਰੇ ਫੰਡ ਮਿਲਣਗੇ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਪਲੇਸਮੈਂਟ ਕਰਨ ਲਈ ਹੁਣ ਦੇ ਮੁਕਾਬਲੇ ਵੱਡੀਆਂ ਕੰਪਨੀਆਂ ਪੈੱਕ ਵੱਲ ਰੁਖ਼ ਕਰਨਗੀਆਂ। ਐੱਨਆਈਟੀ ਬਣਨ ਨਾਲ ਅਧਿਆਪਕ:ਵਿਦਿਆਰਥੀ ਦਰ ਵਿੱਚ ਵੀ ਸੁਧਾਰ ਹੋਵੇਗਾ। ਪੈੱਕ ਦੇ ਰਜਿਸਟਰਾਰ ਨੇ ਦੱਸਿਆ ਕਿ ਪੈੱਕ ਨੇ ਹੁਣ ਐੱਨਆਈਟੀ ਜਾਂ ਸੈਂਟਰਲ ਇੰਸਟੀਚਿਊਟ ਦਾ ਦਰਜਾ ਹਾਸਲ ਕਰਨ ਲਈ ਪ੍ਰਸ਼ਾਸਕ ਵੀ ਪੀ ਬਦਨੌਰ ਨੂੰ ਪੱਤਰ ਲਿਖ ਕੇ ਸਮਾਂ ਮੰਗਿਆ ਹੈ ਤਾਂ ਕਿ ਉਨ੍ਹਾਂ ਨੂੰ ਪੈੱਕ ਦੀ ਵਿਸਥਾਰਤ ਪੇਸ਼ਕਾਰੀ ਦਿੱਤੀ ਜਾ ਸਕੇ।