ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 9 ਨਵੰਬਰ
ਪੰਜਾਬ ਇੰਜਨੀਅਰਿੰਗ ਕਾਲਜ (ਪੈੱਕ) ਦਾ 100ਵਾਂ ਸਥਾਪਨਾ ਦਿਵਸ ਅੱਜ ਕੈਂਪਸ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰਸ਼ਾਸਕ ਦੇ ਸਲਾਹਕਾਰ ਧਰਮ ਪਾਲ ਨੇ ਸ਼ਿਰਕਤ ਕੀਤੀ। ਇਸ ਮੌਕੇ ਪੈਕ ਦੇ 100 ਸਾਲਾਂ ਇਤਿਹਾਸ ਤੇ ਪ੍ਰਾਪਤੀਆਂ ਦੱਸੀਆਂ ਗਈਆਂ।
ਮੁੱਖ ਮਹਿਮਾਨ ਦਾ ਸਵਾਗਤ ਪੈੱਕ ਦੇ ਡਾਇਰੈਕਟਰ ਬਲਦੇਵ ਸੇਤੀਆ ਨੇ ਕੀਤਾ। ਇਸ ਮੌਕੇ ਕੇਕ ਕੱਟਿਆ ਗਿਆ ਤੇ ਹਵਾ ਵਿਚ ਗੁਬਾਰੇ ਉਡਾਏ ਗਏ। ਪੈੱਕ ਵਿਚ ਪੜ੍ਹੇ ਸਲਾਹਕਾਰ ਧਰਮਪਾਲ ਨੇ ਕਿਹਾ ਕਿ ਪੈਕ ਦਾ ਇਤਿਹਾਸ ਸ਼ਾਨਦਾਰ ਰਿਹਾ ਹੈ ਤੇ ਇਸ ਸੰਸਥਾਨ ਨੇ ਮੋਹਰੀ ਤੇ ਹੁਨਰੀ ਵਿਦਿਆਰਥੀ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਕਾਲਜ ਵਿਚੋਂ ਪੜ੍ਹੀ ਕਲਪਨਾ ਚਾਵਲਾ ਨੇ ਸੰਸਥਾਨ ਦਾ ਨਾਂ ਵਿਦੇਸ਼ ਵਿਚ ਵੀ ਚਮਕਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੌ ਵਰ੍ਹੇ ਦੇ ਸਥਾਪਨਾ ਦਿਵਸ ਦਾ ਹਿੱਸਾ ਹੋਣ ਤੇ ਇਸ ਕਾਲਜ ਵਿਚੋਂ ਪੜ੍ਹੇ ਹੋਣ ’ਤੇ ਮਾਣ ਮਹਿਸੂਸ ਹੋ ਰਿਹਾ ਹੈ। ਡਾਇਰੈਕਟਰ ਨੇ ਦੱਸਿਆ ਕਿ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ 16 ਨਵੰਬਰ ਨੂੰ ਪੈਕ ਸਮਾਰੋਹ ਵਿਚ ਸ਼ਾਮਲ ਹੋਣ ਆ ਰਹੇ ਹਨ ਤੇ ਇਸ ਮੌਕੇ ਕੌਮਾਂਤਰੀ ਪੱਧਰ ਦੇ ਖੋਜ ਕੇਂਦਰ ਦਾ ਉਦਘਾਟਨ ਕੀਤਾ ਜਾਵੇਗਾ। ਇਸ ਮੌਕੇ ਤਕਨੀਕੀ ਸਕੱਤਰ ਸਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਪੈਕ ਨੇ ਤਕਨੀਕੀ ਖੋਜ ਵਿਚ ਵਿਸ਼ੇਸ਼ ਮਾਅਰਕਾ ਮਾਰਿਆ ਹੈ।