ਜਗਮੋਹਨ ਸਿੰਘ
ਘਨੌਲੀ, 21 ਜੂਨ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀ ਜਥੇਬੰਦੀ ਐਂਪਲਾਈਜ਼ ਫੈਡਰੇਸ਼ਨ ਪੰ.ਰਾ.ਬਿ.ਬੋ. ਅਤੇ ਕੰਟਰੈਕਟਰ ਕਰਮਚਾਰੀ ਯੂਨੀਅਨ ਥਰਮਲ ਪਲਾਂਟ ਰੂਪਨਗਰ ਵੱਲੋਂ ਅੱਜ ਥਰਮਲ ਪਲਾਂਟ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਹਰਮੇਸ਼ ਧੀਮਾਨ ਨੇ ਕਿਹਾ ਕਿ ਪਾਵਰਕੌਮ ਦੀ ਮੈਨੇਜਮੈਂਟ ਤੇ ਥਰਮਲ ਮੈਨੇਜਮੈਂਟ ਵੱਲੋਂ ਜਥੇਬੰਦੀਆਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਗੌਲਿਆਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਥਰਮਲ ਕਾਮਿਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਪਾਵਰ ਕਾਲੋਨੀ ਵਿੱਚ ਰਹਿੰਦੇ ਮੁਲਾਜ਼ਮਾਂ ਦੇ ਡਿਊਟੀ ’ਤੇ ਆਉਣ ਅਤੇ ਵਾਪਸ ਜਾਣ ਲਈ ਬੰਦ ਕੀਤੀਆਂ ਸਟਾਫ ਬੱਸਾਂ ਮੁੜ ਚਲਾਉਣ, ਪਾਵਰ ਕਾਲੋਨੀ ਦੇ ਮਕਾਨਾਂ ਦੀ ਬੰਦ ਕੀਤੀ ਅਲਾਟਮੈਂਟ ਫਿਰ ਤੋਂ ਸ਼ੁਰੂ ਕਰਨ ਤੋਂ ਇਲਾਵਾ ਥਰਮਲ ਪਲਾਂਟ ’ਚ ਕੰਮ ਕਰਦੇ ਕਿਰਤੀਆਂ ਦੀਆਂ ਉਜਰਤਾਂ ’ਚ ਵਾਧਾ ਕਰਨ ਦੀਆਂ ਮੰਗਾਂ ਨੂੰ ਥਰਮਲ ਤੇ ਪਾਵਰਕੌਮ ਮੈਨੇਜਮੈਂਟ ਦੇ ਉੱਚ ਅਧਿਕਾਰੀਆਂ ਕੋਲ ਲਿਖਤੀ ਤੇ ਜ਼ੁਬਾਨੀ ਤੌਰ ’ਤੇ ਪਹੁੰਚਾਉਣ ਤੋਂ ਇਲਾਵਾ ਡਿਪਟੀ ਕਮਿਸ਼ਨਰ ਰੂਪਨਗਰ ਰਾਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਿਖੇ ਪੱਤਰ ’ਤੇ ਵੀ ਕੋਈ ਕਾਰਵਾਈ ਨਾ ਹੋਣ ਸਦਕਾ ਥਰਮਲ ਪਲਾਂਟ ਰੂਪਨਗਰ ’ਚ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਹੈ, ਜਿਹੜੀ ਅੱਜ ਦੂਜੇ ਦਿਨ ਵਿੱਚ ਸ਼ਾਮਲ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਰਣਜੀਤ ਸਿੰਘ, ਜਸਵੀਰ ਸਿੰਘ, ਪੱਪੂ, ਪਾਲ ਸਿੰਘ ਟਾਂਕਾ ਪ੍ਰਸ਼ਾਦ, ਮੋਹਣ ਸਿੰਘ, ਸੰਜੀਵ ਕੁਮਾਰ, ਸੁਖਵਿੰਦਰ ਸਿੰਘ, ਗੁਰਮੇਲ ਸਿੰਘ ਤੇ ਤਰਲੋਚਨ ਸਿੰਘ ਭੁੱਖ ਹੜਤਾਲ ਤੇ ਬੈਠੇ।