ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 26 ਜੁਲਾਈ
ਉੱਜਵਲ ਭਾਰਤ-ਉਜਵਲ ਭਵਿੱਖ ਊਰਜਾ 2047 ਦੇ ਤਹਿਤ ਊਰਜਾ ਵਿਭਾਗ ਭਾਰਤ ਸਰਕਾਰ, ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਅਤੇ ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ, ਪਾਵਰਕੌਮ ਟਰਾਂਸਮਿਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੱਜ ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਫੇਜ਼-2 ਵਿੱਚ ਸਮਾਗਮ ਕਰਵਾਇਆ ਗਿਆ। ਡੇਰਾਬੱਸੀ ਤੋਂ ‘ਆਪ’ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦੋਂਕਿ ‘ਆਪ’ ਆਗੂ ਬੱਬੀ ਬਾਦਲ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਕੁਲਜੀਤ ਰੰਧਾਵਾ ਨੇ ਕਿਹਾ ਕਿ ਇਸ ਸਮਾਗਮ ਦਾ ਮੁੱਖ ਮੰਤਵ ਬਿਜਲੀ ਨੂੰ ਦੇਸ਼ ਵਿੱਚ ਸਰਪਲੱਸ ਕਰਨਾ ਅਤੇ ਇਸ ਨੂੰ ਲੋੜ ਮੁਤਾਬਕ ਵਰਤਣਾ ਹੈ। ਸਮਾਗਮ ਦੌਰਾਨ ਵਨ ਨੇਸ਼ਨ ਵਨ ਗਰਿੱਡ, ਨਵਿਆਉਣਯੋਗ ਊਰਜਾ, ਯੂਨੀਵਰਸਲ ਹਾਊਸਹੋਲਡ ਇਲੈਕਟ੍ਰੀਫਿਕੇਸ਼ਨ, ਗ੍ਰਾਮੀਣ ਬਿਜਲੀਕਰਨ, ਖਪਤਕਾਰ ਅਧਿਕਾਰਾਂ ਅਤੇ ਵੰਡ ਪ੍ਰਣਾਲੀ ’ਤੇ ਲਘੂ ਫ਼ਿਲਮਾਂ ਵੀ ਦਿਖਾਈਆਂ ਗਈਆਂ।
ਵਿਧਾਇਕ ਵੱਲੋਂ ਛੱਤ ਡਿਸਪੈਂਸਰੀ ਦਾ ਦੌਰਾ
ਜ਼ੀਰਕਪੁਰ: ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਅੱਜ ਪਿੰਡ ਛੱਤ ਦੀ ਡਿਸਪੈਂਸਰੀ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਹਸਪਤਾਲ ਵਿੱਚ ਮਾੜੀ ਸਾਫ-ਸਫ਼ਾਈ ਵਿਵਸਥਾ ਦਾ ਮੌਕੇ ’ਤੇ ਹੀ ਨੋਟਿਸ ਲੈਂਦਿਆਂ ਕੌਂਸਲ ਨੂੰ ਹਦਾਇਤ ਕਰ ਉੱਥੇ ਖੜ੍ਹੀ ਝਾੜੀਆਂ ਅਤੇ ਕਾਂਗਰਸ ਘਾਹ ਦੀ ਸਫਾਈ ਕਰਨ ਦੀ ਹਦਾਇਤ ਦਿੱਤੀ। ਇਸ ਮੌਕੇ ਹਸਪਤਾਲ ਦੇ ਡਾ. ਅੰਕੁਰ ਸੋਨੀ ਨੇ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ। ਸ੍ਰੀ ਸੋਨੀ ਨੇ ਉਨ੍ਹਾਂ ਨੂੰ ਦੱਸਿਆ ਕਿ ਲੰਘੇ ਜਨਵਰੀ ਮਹੀਨੇ ਤੋਂ ਡਿਸਪੈਂਸਰੀ ਵਿੱਚ ਦਵਾਈਆਂ ਨਹੀਂ ਆ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਮਰੀਜ਼ਾਂ ਨੂੰ ਬਾਹਰ ਤੋਂ ਦਵਾਈ ਲਿਖਣ ਦੀ ਸਲਾਹ ਦਿੱਤੀ ਜਾ ਰਹੀ ਹੈ। ਗਰੀਬ ਵਰਗ ਦੇ ਮਰੀਜ਼ਾਂ ਨੂੰ ਬਾਹਰ ਤੋਂ ਦਵਾਈ ਖਰੀਦਣ ਵਿੱਚ ਭਾਰੀ ਦਿੱਕਤ ਆਉਂਦੀ ਹੈ। -ਨਿੱਜੀ ਪੱਤਰ ਪ੍ਰੇਰਕ