ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 27 ਦਸੰਬਰ
ਨਗਰ ਨਿਗਮ ਵੱਲੋਂ ਇਥੇ ਸੈਕਟਰ-22 ਵਿੱਚ ਜੈਵਿਕ ਖਾਦ ਬਣਾਉਣ ਲਈ ਸੈਂਟਰ ਬਣਾਉਣ ਨੂੰ ਲੈ ਕੇ ਨਗਰ ਨਿਗਮ ਦੇ ਬਾਗਵਾਨੀ ਵਿਭਾਗ ਦੇ ਕਰਮਚਾਰੀਆਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਨਿਗਮ ਵੱਲੋਂ ਸੈਕਟਰ ਦੇ ਰਿਹਾਇਸ਼ੀ ਇਲਾਕੇ ਦੇ ਨਾਲ ਇਹ ਜੈਵਿਕ ਖਾਦ ਸੈਂਟਰ ਬਣਾਉਣ ਸਬੰਧੀ ਮੌਕੇ ’ਤੇ ਪਹੁੰਚੇ ਬਾਗਵਾਨੀ ਵਿਭਾਗ ਦੇ ਕਰਮਚਾਰੀਆਂ ਦਾ ਇਲਾਕਾ ਵਾਸੀਆਂ ਨੇ ਵਿਰੋਧ ਕੀਤਾ। ਇਸ ਰੋਸ ਪ੍ਰਦਰਸ਼ਨ ਦੌਰਾਨ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਵੀ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ ਅਤੇ ਨਿਗਮ ਦੇ ਇਸ ਸੈਂਟਰ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਇਥੇ ਜੈਵਿਕ ਖਾਦ ਸੈਂਟਰ ਬਣਾਉਣ ਤੋਂ ਬਾਅਦ ਇਲਾਕਾ ਵਾਸੀਆਂ ਨੂੰ ਪ੍ਰੇਸ਼ਾਨੀਆਂ ਆਉਣਗੀਆਂ। ਇਸ ਮੌਕੇ ਵਿਰੋਧ ਪ੍ਰਦਰਸ਼ਨ ਦੌਰਾਨ ਸੈਕਟਰ-22 ਦੀ ਮਾਰਕੀਟ ਦੇ ਦੁਕਾਨਦਾਰ ਗੀ ਪਹੁੰਚ ਗਏ। ਇਕੱਤਰ ਲੋਕਾਂ ਵੱਲੋਂ ਸਖ਼ਤ ਵਿਰੋਧ ਹੋਣ ਮਗਰੋਂ ਨਿਗਮ ਦੀ ਟੀਮ ਨੂੰ ਕੰਮ ਬੰਦ ਕਰਨਾ ਪਿਆ। ਕਾਂਗਰਸ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਨਿਗਮ ਦੇ ਬਾਗਵਾਨੀ ਵਿਭਾਗ ਵੱਲੋਂ ਇਥੇ ਰਿਹਾਇਸ਼ੀ ਇਲਾਕੇ ਵਿੱਚ ਇਹ ਜੈਵਿਕ ਖਾਦ ਬਣਾਉਣ ਦਾ ਸੈਂਟਰ ਬਣਾਇਆ ਜਾ ਰਿਹਾ ਹੈ ਜਿਸਤਾ ਇਥੋਂ ਦੇ ਨਿਵਾਸੀ ਅਤੇ ਨਾਲ ਲਗਦੀ ਮਾਰਕੀਟ ਦੇ ਦੁਕਾਨਦਾਰ ਪਹਿਲਾਂ ਤੋਂ ਹੀ ਵਿਰੋਧ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਸੋਮਵਾਰ ਨੂੰ ਨਿਗਮ ਦੇ ਅਧਿਕਾਰੀਆਂ ਨਾਲ ਮਿਲ ਕੇ ਇਸ ਸੈਂਟਰ ਨੂੰ ਇੱਥੋਂ ਹਟਾਉਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਇਹ ਮੰਗ ਨਹੀਂ ਮੰਨੀ ਗਈ ਤਾਂ ਇਸ ਦਾ ਵਿਰੋਧ ਕੀਤਾ ਜਾਵੇਗਾ ਤੇ ਇਥੇ ਕਿਸੇ ਵੀ ਸੂਰਤ ਵਿੱਚ ਇਹ ਜੈਵਿਕ ਖਾਦ ਸੈਂਟਰ ਨਹੀਂ ਬਣਨ ਦਿੱਤਾ ਜਾਵੇਗਾ।