ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਅਗਸਤ
ਪਿੰਡ ਸਾਰੰਗਪੁਰ ਸਥਿਤ ਸਰਕਾਰੀ ਹਾਈ ਸਕੂਲ ਦੀ ਇਮਾਰਤ ਨੂੰ ਢਾਹ ਕੇ ਸਕੂਲ ਦੀ ਨਵੀਂ ਬਿਲਡਿੰਗ ਵਿੱਚੋਂ ਪ੍ਰਾਈਵੇਟ ਕਲੋਨੀ ਲਈ ਰਾਹ ਦੇਣ ਵਿਰੁੱਧ ਪਿੰਡ ਵਾਸੀ ਇਕਜੁੱਟ ਹੋ ਗਏ ਹਨ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਯੂਟੀ ਪ੍ਰਸ਼ਾਸਨ ਵੱਲੋਂ ਪ੍ਰਾਈਵੇਟ ਕਲੋਨੀ ਲਈ 16 ਫੁੱਟ ਦਾ ਰਾਹ ਦਿੱਤਾ ਜਾ ਰਿਹਾ ਹੈ। ਇਹ ਰਾਹ ਸਕੂਲ ਦੀ ਜ਼ਮੀਨ ਵਿੱਚੋਂ ਦਿੱਤਾ ਜਾਵੇਗਾ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਯੂਟੀ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਵੱਲੋਂ ਸਕੂਲ ਦੀ ਜ਼ਮੀਨ ਵਿੱਚੋਂ ਕਲੋਨੀ ਨੂੰ ਸੜਕ ਬਨਾਉਣ ਲਈ ਥਾਂ ਦਿੱਤੀ ਗਈ ਤਾਂ ਉਸ ਦਾ ਭਰਵਾਂ ਵਿਰੋਧ ਕੀਤਾ ਜਾਵੇਗਾ।
ਪਿੰਡ ਸਾਰੰਗਪੁਰ ਦੇ ਸਾਬਕਾ ਸਰਪੰਚ ਸਾਧੂ ਸਿੰਘ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ 6 ਦਹਾਕੇ ਪਹਿਲਾਂ ਸਕੂਲ ਬਨਾਉਣ ਲਈ 14 ਕਨਾਲ ਥਾਂ ਯੂਟੀ ਪ੍ਰਸ਼ਾਸਨ ਨੂੰ ਦਿੱਤੀ ਗਈ ਸੀ। ਇਥੇ ਪਹਿਲਾਂ ਪੰਜਵੀਂ ਜਮਾਤ ਤੱਕ ਸਕੂਲ ਸੀ ਜਿਸ ਨੂੰ ਬਾਅਦ ਵਿੱਚ ਅਠਵੀਂ ਅਤੇ ਦਸਵੀਂ ਤੱਕ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਯੂਟੀ ਦੇ ਸਿੱਖਿਆ ਵਿਭਾਗ ਨੇ ਸਾਰੰਗਪੁਰ ਸਥਿਤ ਸਰਕਾਰੀ ਹਾਈ ਸਕੂਲ ਦੀ ਬਿਲਡਿੰਗ ਨੂੰ ਅਸੁਰੱਖਿਅਤ ਕਰਾਰ ਦਿੱਤਾ ਹੈ ਅਤੇ ਇਮਾਰਤ ਨੂੰ ਢਾਹ ਕੇ ਨਵੀਂ ਬਿਲਡਿੰਗ ਬਨਾਉਣ ਦਾ ਫ਼ੈਸਲਾ ਲਿਆ ਹੈ। ਇਸ ਲਈ ਯੂਟੀ ਪ੍ਰਸ਼ਾਸਨ ਵੱਲੋਂ 10 ਕਰੋੜ ਰੁਪਏ ਰਾਖਵੇ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਸਕੂਲ ਦੀ ਉਸਾਰੀ ਦੌਰਾਨ ਸਕੂਲ ਦੇ ਪਿਛਲੇ ਪਾਸੇ ਸਥਿਤ ਕਲੋਨੀ ਨੂੰ 16 ਫੁੱਟ ਰਾਹ ਦੇਣ ਦੀ ਚਾਰਾਜੋਈ ਕੀਤੀ ਜਾ ਰਹੀ ਹੈ।
ਸਾਬਕਾ ਸਰਪੰਚ ਨੇ ਕਿਹਾ ਕਿ ਇਸ ਕਲੋਨੀ ਨੂੰ ਕਈ ਸਾਲ ਪਹਿਲਾਂ ਪ੍ਰਾਪਰਟੀ ਡੀਲਰ ਵੱਲੋਂ ਕੱਟਿਆ ਗਿਆ ਸੀ ਜਿਸ ਨੇ ਬਿਨਾਂ ਸੜਕ ਦੀ ਉਸਾਰੀ ਤੋਂ ਕਲੋਨੀ ਕੱਟ ਕੇ ਲੋਕਾਂ ਨੂੰ ਪਲਾਟ ਵੇਚ ਦਿੱਤੇ। ਪਿਛਲੇ 15-20 ਸਾਲਾਂ ਤੋਂ ਲੋਕ ਕੱਚੀ ਸੜਕ ਰਾਹੀਂ ਲੰਘ ਰਹੇ ਹਨ। ਹੁਣ ਉਨ੍ਹਾਂ ਨੇ ਪੱਕੀ ਸੜਕ ਦੀ ਮੰਗ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਕੂਲ ਲਈ ਪਿੰਡ ਦੀ ਪੰਚਾਇਤ ਵੱਲੋਂ ਦਿੱਤੀ 14 ਕਨਾਲ ਥਾਂ ਵਿੱਚੋਂ ਇਕ ਇੰਚ ਥਾਂ ਵੀ ਕਲੋਨੀ ਦੀ ਸੜਕ ਲਈ ਨਹੀਂ ਦਿੱਤੀ ਜਾਵੇਗੀ। ਇਸ ਸਬੰਧ ਵਿੱਚ ਪਿੰਡ ਵਾਸੀਆਂ ਨੇ ਯੂਟੀ ਪ੍ਰਸ਼ਾਸਨ ਅਤੇ ਹੋਰਨਾਂ ਅਧਿਕਾਰੀਆਂ ਮੰਗ ਪੱਤਰ ਦਿੱਤਾ ਹੈ।
ਸਿੱਖਿਆ ਵਿਭਾਗ ਨੇ ਸਕੂਲ ਦੀ ਜ਼ਮੀਨ ਦਾ ਰਿਕਾਰਡ ਮੰਗਿਆ
ਯੂਟੀ ਦੇ ਡਾਇਰੈਕਟਰ (ਸਕੂਲ ਸਿੱਖਿਆ) ਹਰਸੁਹਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਸਕੂਲ ਦੀ ਜ਼ਮੀਨ ਵਿੱਚੋਂ 16 ਫੁੱਟ ਸੜਕ ਕੱਢਣ ਦਾ ਮਾਮਲਾ ਧਿਆਨ ਵਿੱਚ ਆਇਆ ਹੈ। ਇਸ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਨੇ ਮੰਗ ਪੱਤਰ ਵੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦੀ ਜ਼ਮੀਨ ਦਾ ਰਿਕਾਰਡ ਮੰਗਵਾਇਆ ਗਿਆ ਹੈ ਜਿਸ ਨੂੰ ਦੇਖਣ ਤੋਂ ਬਾਅਦ ਅਗਲਾ ਫ਼ੈਸਲਾ ਲਿਆ ਜਾਵੇਗਾ। ਇਸੇ ਦੌਰਾਨ ਇਲਾਕਾ ਕੌਂਸਲਰ ਰਾਮਚੰਦਰ ਯਾਦਵ ਨੇ ਕਿਹਾ ਕਿ ਪਿੰਡ ਸਾਰੰਗਪੁਰ ਦੇ ਨਕਸ਼ੇ ਵਿੱਚ ਕੋਈ ਅਜਿਹੀ ਸੜਕ ਨਹੀਂ ਹੈ, ਪਰ ਸਕੂਲ ਦੀ ਉਸਾਰੀ ਦੌਰਾਨ 16 ਫੁੱਟ ਸੜਕ ਲਈ ਥਾਂ ਰਾਖਵੀਂ ਰੱਖੀ ਗਈ ਹੈ। ਇਸ ਸੜਕ ਦੀ ਉਸਾਰੀ ਤੋਂ ਬਾਅਦ ਸਰਕਾਰੀ ਹਾਈ ਸਕੂਲ ਸਾਰੰਗਪੁਰ ਦੇ ਤਿੰਨ ਪਾਸੇ ਸੜਕਾਂ ਹੋ ਜਾਣਗੀਆਂ ਜਿਸ ਕਰਕੇ ਬੱਚਿਆਂ ਦੀ ਸੁਰੱਖਿਆ ਲਈ ਸਵਾਲ ਖੜ੍ਹੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਯੂਟੀ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਕੋਈ ਵੀ ਫ਼ੈਸਲਾ ਲੈਣ ਸਮੇਂ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਏ।