ਸ਼ਸ਼ੀਪਾਲ ਜੈਨ
ਖਰੜ, 1 ਜਨਵਰੀ
ਇੱਥੋਂ ਦੇ ਬਡਾਲਾ ਰੋਡ ’ਤੇ ਪੈਂਦੇ ਲਗਪਗ 20 ਪਿੰਡਾਂ ਨੂੰ ਨਵੀਂ ਬਣੀ ਸਬ-ਤਹਿਸੀਲ ਘੜੂੰਆਂ ਨਾਲ ਜੋੜਨ ਦਾ ਪਿੰਡ ਦੇ ਵਸਨੀਕਾਂ ਵੱਲੋਂ ਵਿਰੋਧ ਕੀਤਾ ਗਿਆ ਹੈ। ਇਸ ਸਬੰਧੀ ਇਨ੍ਹਾਂ ਪਿੰਡਾਂ ਦੇ ਪਤਵੰਤੇ ਸੱਜਣਾਂ ਦੀ ਮੀਟਿੰਗ ਅੱਜ ਇੱਥੇ ਹੋਈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਇਨ੍ਹਾਂ ਲੋਕਾਂ ਦੇ ਸਾਰੇ ਕੰਮ ਖਰੜ ਤਹਿਸੀਲ ਅਤੇ ਖਰੜ ਦੇ ਦਫ਼ਤਰਾਂ ਵਿੱਚ ਹੁੰਦੇ ਹਨ ਤਾਂ ਉਨ੍ਹਾਂ ਨੂੰ ਸਬ-ਤਹਿਸੀਲ ਘੜੂੰਆਂ ਨਾਲ ਜੋੜਨ ਦਾ ਕੀ ਫ਼ਾਇਦਾ ਹੈ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾ, ਬਲਾਕ ਖਰੜ ਦੇ ਪ੍ਰਧਾਨ ਜਸਪਾਲ ਸਿੰਘ ਨਿਆਮੀਆ, ਸਰਬਜੀਤ ਸਿੰੰਘ, ਚਰਨਜੀਤ ਸਿੰਘ ਆਦਿ ਨੇ ਦੱਸਿਆ ਕਿ ਇਹ ਪਿੰਡ ਬਜਹੇੜੀ, ਦੇਹਕਲਾ, ਨਬੀਪੁਰ, ਮਹਿਮੂਦਪੁਰ, ਸੋਤਲ, ਘੋਗਾ, ਦੁਵਾਲੀ, ਬਾਸੀਆ, ਮਲਕਪੁਰ, ਚੋਲਟਾ ਕਲਾਂ, ਚੋਲਟਾ ਖੁਰਦ, ਪਨੂੰਆਂ, ਮਦਨਹੇੜੀ, ਤ੍ਰਿਪੜੀ, ਰੰਗੀਆਂ, ਪੋਪਨਾ, ਨਿਆਮੀਆਂ, ਧੜਾਕ ਖੁਰਦ, ਧੜਾਕ ਕਲਾਂ, ਮਜਾਤੜੀ, ਮੱਕੜਿਆ ਆਦਿ ਪਿੰਡਾਂ ਦੇ ਵਸਨੀਕ ਉਨ੍ਹਾਂ ਨੂੰ ਸਬ-ਤਹਿਸੀਲ ਘੜੂੰਆਂ ਨਾਲ ਜੋੜਨ ਦਾ ਵਿਰੋਧ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਮੰਗ ਨੂੰ ਲੈ ਕੇ 3 ਜਨਵਰੀ ਨੂੰ ਖਰੜ ਵਿਖੇ ਧਰਨਾ ਵੀ ਦਿੱਤਾ ਜਾ ਰਿਹਾ ਹੈ। ਉਨ੍ਹਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਪਿੰਡ ਦੇ ਵਸਨੀਕਾਂ ਦੀ ਮੰਗ ਨੂੰ ਪੂਰਾ ਕਰਨ। ਜ਼ਿਕਰਯੋਗ ਹੈ ਕਿ ਘੜੂੰਆਂ ਮੌਜੂਦਾ ਮੁੱਖ ਮੰਤਰੀ ਚੰਨੀ ਦੇ ਵਿਧਾਨ ਸਭਾ ਹਲਕੇ ਚਮਕੌਰ ਸਾਹਿਬ ਵਿੱਚ ਪੈਂਦਾ ਹੈ ਅਤੇ ਕੁਝ ਦਿਨ ਪਹਿਲਾਂ ਹੀ ਘੜੂੰਆਂ ਨੂੰ ਨਗਰ ਪੰਚਾਇਤ ਅਤੇ ਸਬ-ਤਹਿਸੀਲ ਦਾ ਦਰਜਾ ਦਿੱਤਾ ਗਿਆ ਹੈ।