ਮਿਹਰ ਸਿੰਘ
ਕੁਰਾਲੀ, 10 ਫਰਵਰੀ
ਸੰਯੁਕਤ ਸਮਾਜ ਮੋਰਚੇ ਦੇ ਆਗੂ ਡਾ. ਸਵੈਮਾਨ ਸਿੰਘ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਵੋਟਾਂ ਮੰਗਣ ਲਈ ਪਿੰਡਾਂ ਵਿੱਚ ਆਉਣ ਵਾਲੇ ਆਗੂਆਂ ਵਿਚੋਂ ਸਿਰਫ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕੀਤਾ ਜਾਵੇ ਅਤੇ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਸਵਾਲ ਕੀਤੇ ਜਾਣ।
ਹਲਕਾ ਖਰੜ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਪਰਮਦੀਪ ਸਿੰਘ ਬੈਦਵਾਣ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਇੱਥੇ ਪੁੱਜੇ ਡਾ. ਸਵੈਮਾਨ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਸਿਆਸੀ ਸੰਕਟ ਵਿਚੋਂ ਕੱਢਣ ਲਈ ਹਰ ਪੰਜਾਬੀ ਨੂੰ ਜਾਗਰੂਕ ਹੋਣਾ ਪਏਗਾ। ਇਸ ਮੌਕੇ ਉਨ੍ਹਾਂ ਬ੍ਰਾਹਮਣ ਸਭਾ ਕੁਰਾਲੀ ਦੇ ਪ੍ਰਧਾਨ ਸੁਨੀਲ ਸ਼ਰਮ ਨਾਲ ਸੰਯੁਕਤ ਰੂਪ ਵਿਚ ਪਰਮਦੀਪ ਬੈਦਵਾਨ ਦੇ ਚੋਣ ਦਫ਼ਤਰ ਦਾ ਉਦਘਾਟਨ ਵੀ ਕੀਤਾ। ਡਾ: ਸਵੈਮਾਨ ਨੇ ਪੰਜਾਬੀਆਂ ਨੂੰ 20 ਫਰਵਰੀ ਨੂੰ ਆਪਣੀ ਇੱਕ-ਇੱਕ ਕੀਮਤੀ ਵੋਟ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਨੂੰ ਬਿਨਾਂ ਲੋਭ ਲਾਲਚ ਤੋਂ ਪਾ ਕੇ ਨਵਾਂ ਇਤਿਹਾਸ ਸਿਰਜਣ ਦਾ ਹੋਕਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਕੋਲ ਇਹ ਵੱਡਾ ਮੌਕਾ ਹੈ, ਜਦੋਂ ਸੂਬੇ ਦੀ ਤਕਦੀਰ ਬਦਲੀ ਜਾ ਸਕਦੀ ਹੈ, ਕਿਉਂਕਿ ਮੌਕਾ ਵਾਰ-ਵਾਰ ਨਹੀਂ ਮਿਲਦਾ।
ਪਿੰਡ ਰਿਆ ’ਚ ਅਮਨਦੀਪ ਢੋਲੇਵਾਲ ਦਾ ਭਰਵਾਂ ਸਵਾਗਤ
ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਬਸੀ ਪਠਾਣਾਂ ਤੋਂ ਸੰਯੁਕਤ ਸਮਾਜ ਮੋਰਚੇ ਦੀ ਉਮੀਦਵਾਰ ਡਾ. ਅਮਨਦੀਪ ਕੌਰ ਢੋਲੇਵਾਲ ਦਾ ਪਿੰਡ ਰਿਆ ਵਿੱਚ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਡਾ. ਅਮਨਦੀਪ ਕੌਰ ਢੋਲੇਵਾਲ ਨੇ ਵੋਟਰਾਂ ਨੂੰ ਪੰਜਾਬ ਦੇ ਬਿਹਤਰ ਭਵਿੱਖ ਲਈ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰਾਂ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ।
ਤੇਲ ਮਹਿੰਗੇ ਹੋਣ ਪਿੱਛੇ ਭਾਜਪਾ ਦਾ ਹੱਥ: ਰਾਜਵੀਰ ਬਾਜਵਾ
ਰੂਪਨਗਰ (ਜਗਮੋਹਨ ਸਿੰਘ): ਹਲਕਾ ਰੂਪਨਗਰ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਦਵਿੰਦਰ ਸਿੰਘ ਬਾਜਵਾ ਦੀ ਪਤਨੀ ਰਾਜਵੀਰ ਕੌਰ ਬਾਜਵਾ ਤੇ ਭੈਣ ਪਿੰਕੀ ਬਾਜਵਾ ਸਮੇਤ ਹੋਰ ਰਿਸ਼ਤੇਦਾਰ ਔਰਤਾਂ ਵੀ ਮੈਦਾਨ ’ਚ ਡਟ ਗਈਆਂ ਹਨ। ਅੱਜ ਰੂਪਨਗਰ ਦੇ ਮੇਨ ਬਾਜ਼ਾਰ ਅਤੇ ਸਬਜ਼ੀ ਮੰਡੀ ਨੇੜਲੇ ਘਰਾਂ ਵਿੱਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਪੈਟਰੋਲ, ਡੀਜ਼ਲ ਅਤੇ ਖਾਣ ਵਾਲੇ ਤੇਲ ਮਹਿੰਗੇ ਹੋਣ ਪਿੱਛੇ ਕਥਿਤ ਤੌਰ ’ਤੇ ਭਾਜਪਾ ਦਾ ਹੱਥ ਹੈ, ਜਿਸ ਲਈ ਸੁਆਣੀਆਂ ਨੂੰ ਵੋਟਾਂ ਮੰਗਣ ਆਉਂਦੇ ਭਾਜਪਾ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕਾਂ ਤੋਂ ਸਵਾਲ ਪੁੱਛਣੇ ਚਾਹੀਦੇ ਹਨ। ਮੋਰਚੇ ਦੇ ਹੱਕ ’ਚ ਭੁਗਤਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਭਾਜਪਾ ਸੱਤਾ ਵਿੱਚ ਆਈ ਤਾਂ ਹਰ ਵਰਗ ਨੂੰ ਮਾਰ ਝੱਲਣੀ ਪਵੇਗੀ।