ਕੁਲਦੀਪ ਸਿੰਘ
ਚੰਡੀਗੜ੍ਹ, 9 ਜੁਲਾਈ
ਯੂਟੀ ਦੇ ਬਿਜਲੀ ਵਿਭਾਗ ਵਿੱਚ 436 ਆਊਟਸੋਰਸਿੰਗ ਕਾਮਿਆਂ ਦੀ ਛਾਂਟੀ ਵਿਰੁੱਧ ਬਿਜਲੀ ਮੁਲਾਜ਼ਮਾਂ ਵੱਲੋਂ ਕਾਲ਼ੇ ਚੋਗੇ ਪਹਿਨ ਨੇ ਅੱਜ ਯੂਟੀ ਸਕੱਤਰੇਤ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਵਿੱਚ ਸ਼ਾਮਿਲ ਕਾਮਿਆਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਛਾਂਟੀ ਤਰੋਕਣ ਦੀ ਮੰਗ ਕੀਤੀ। ਇਲੈਕਟ੍ਰੀਕਲ ਵਰਕਮੈਨ ਯੂਨੀਅਨ ਦੇ ਸੱਦੇ ’ਤੇ ਇਸ ਰੋਸ ਮੁਜ਼ਾਹਰੇ ਨੂੰ ਕੋਆਰਡੀਨੇਸ਼ਨ ਕਮੇਟੀ ਆਫ ਗੌਰਮਿੰਟ ਐਂਡ ਐਮਸੀ ਐਂਪਲਾਈਜ਼ ਐਂਡ ਵਰਕਰਜ਼ ਯੂਟੀ ਚੰਡੀਗੜ੍ਹ ਦੇ ਆਗੂਆਂ ਵਿੱਚ ਪ੍ਰਧਾਨ ਸਤਿੰਦਰ ਸਿੰਘ, ਜਨਰਲ ਸਕੱਤਰ ਰਾਕੇਸ਼ ਕੁਮਾਰ, ਯੂਨੀਅਨ ਦੇ ਪ੍ਰਧਾਨ ਕਿਸ਼ੋਰੀ ਲਾਲ ਅਤੇ ਜਨਰਲ ਸਕੱਤਰ ਵਰਿੰਦਰ ਬਿਸ਼ਟ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ 436 ਆਊਟਸੋਰਸਿੰਗ ਵਰਕਰਾਂ ਨੂੰ ਨੌਕਰੀ ’ਤੇ ਮੁੜ ਰੱਖਣ ਦਾ ਕੇਸ ਮਨਜ਼ੂਰੀ ਲਈ ਇੱਕ ਮਹੀਨੇ ਤੋਂ ਬਕਾਇਆ ਪਿਆ ਹੈ। ਉਨ੍ਹਾਂ ਦਾ ਟੈਂਡਰ 30 ਜੂਨ ਨੂੰ ਖ਼ਤਮ ਹੋ ਚੁੱਕਾ ਹੋਇਆ ਹੈ। ਅਜਿਹੇ ਵਿੱਚ ਇਨ੍ਹਾਂ ਵਰਕਰਾਂ ਨੂੰ ਕਿਸੇ ਵੀ ਸਮੇਂ ਨੌਕਰੀ ਤੋਂ ਬਾਹਰ ਕੀਤਾ ਜਾ ਸਕਦਾ ਹੈ। ਆਗੂਆਂ ਨੇ ਚਿਤਾਵਨੀ ਵੀ ਦਿੱਤੀ ਕਿ ਜੇ ਕਾਮਿਆਂ ਨੂੰ ਮੁੜ ਰੱਖਣ ਦੀ ਮਨਜ਼ੂਰੀ ਨਾ ਦਿੱਤੀ ਗਈ ਤਾਂ 15 ਜੁਲਾਈ ਤੋਂ ਗੇਟ ਰੈਲੀਆਂ ਸ਼ੁਰੂ ਕੀਤੀਆਂ ਜਾਣਗੀਆਂ।